ਕਰਮਜੀਤ ਸਿੰਘ ਚਿੱਲਾ
ਬਨੂੜ, 16 ਮਈ
ਆਮ ਆਦਮੀ ਪਾਰਟੀ ਨੇ ਬਨੂੜ ਕੌਂਸਲ ਉੱਤੇ ਆਪਣਾ ਕਬਜ਼ਾ ਕਰਨ ਲਈ ਜੋੜ-ਤੋੜ ਆਰੰਭ ਦਿੱਤਾ ਹੈ। ‘ਆਪ’ ਵੱਲੋਂ ਪਹਿਲਾਂ ਕਾਂਗਰਸੀ ਕੌਂਸਲਰ ਬਲਜੀਤ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਤੇ ਬੀਤੀ ਦੇਰ ਰਾਤ ਵਿਧਾਇਕਾ ਨੀਨਾ ਮਿੱਤਲ ਨੇ ਬਾਜ਼ੀਗਰ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਆ ਰਹੇ ਕਾਂਗਰਸੀ ਕੌਂਸਲਰ ਭਜਨ ਲਾਲ ਨੰਦਾ ਨੂੰ ਭਾਈਚਾਰੇ ਦੇ ਮੋਹਤਬਰਾਂ ਸਮੇਤ ਪਾਰਟੀ ਵਿੱਚ ਸ਼ਾਮਲ ਕਰ ਲਿਆ। ਅਗਲੇ ਇੱਕ ਦੋ ਦਿਨਾਂ ਵਿੱਚ ਅਕਾਲੀ ਦਲ ਦੇ ਇੱਕ ਕੌਂਸਲਰ ਵੱਲੋਂ ਵੀ ‘ਆਪ’ ਵਿੱਚ ਸ਼ਾਮਿਲ ਹੋਣ ਦੀ ਚਰਚਾ ਹੈ ਤੇ ‘ਆਪ’ ਆਗੂ ਕਾਂਗਰਸ ਦੇ ਹੋਰਨਾਂ ਕੌਂਸਲਰਾਂ ਨਾਲ ਵੀ ਸੰਪਰਕ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ 13 ਮੈਂਬਰੀ ਕੌਂਸਲ ਵਿੱਚ ਕਾਂਗਰਸ ਦੇ 12 ਮੈਂਬਰ ਸਨ, ਜਿਨ੍ਹਾਂ ਵਿੱਚੋਂ ਦੋ ਪਾਰਟੀ ਛੱਡ ਚੁੱਕੇ ਹਨ। ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਪਿਛਲੇ ਸਵਾ ਮਹੀਨੇ ਤੋਂ ਬਕਾਇਆ ਪਈ ਹੈ ਅਤੇ ਜਦੋਂ ਤੱਕ ਆਮ ਆਦਮੀ ਪਾਰਟੀ ਕੋਲ ਇਸ ਚੋਣ ਨੂੰ ਜਿੱਤਣ ਲਈ ਬਹੁਮਤ ਨਹੀਂ ਜੁੜਦਾ, ਉਦੋਂ ਤੱਕ ਇਸ ਚੋਣ ਦੇ ਹੋਣ ਦੀ ਸੰਭਾਵਨਾ ਨਹੀਂ ਹੈ।
‘ਆਪ’ ਵਿੱਚ ਸ਼ਾਮਲ ਹੋਏ ਕੌਂਸਲਰ ਭਜਨ ਲਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਰਵਾਇਤੀ ਪਾਰਟੀ ਨੇ ਬਾਜ਼ੀਗਰ ਭਾਈਚਾਰੇ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ। ਇਸ ਮੌਕੇ ਉਨ੍ਹਾਂ ਬਾਜ਼ੀਗਰ ਬਰਾਦਰੀ ਕੋਲ ਮੌਜੂਦ ਰਿਹਾਇਸ਼ੀ ਥਾਵਾਂ ਦੀ ਮਲਕੀਅਤ ਦਿਵਾਏ ਜਾਣ ਦੀ ਮੰਗ ਕੀਤੀ ਤੇ ‘ਆਪ’ ਨੂੰ ਬਰਾਦਰੀ ਵੱਲੋਂ ਪੂਰਨ ਸਮਰਥਨ ਦਾ ਭਰੋਸਾ ਦਿੱਤਾ। ਵਿਧਾਇਕਾ ਨੀਨਾ ਮਿੱਤਲ ਨੇ ਕੌਂਸਲਰ ਭਜਨ ਲਾਲ ਅਤੇ ਬਾਜ਼ੀਗਰ ਭਾਈਚਾਰੇ ਨੂੰ ਪਾਰਟੀ ਵੱਲੋਂ ਪੂਰਨ ਸਨਮਾਨ ਦਿੱਤਾ ਜਾਵੇਗਾ।
‘ਆਪ’ ਦੇ ਪੁਰਾਣੇ ਵਰਕਰਾਂ ਵੱਲੋਂ ਵਿਰੋਧ
‘ਆਪ’ ਦੇ ਪੁਰਾਣੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਸ਼ਹਿਰ ਵਿੱਚ ਗੁਪਤ ਮੀਟਿੰਗ ਕਰ ਕੇ ਕਾਂਗਰਸੀ ਕੌਂਸਲਰ ਭਜਨ ਲਾਲ ਨੰਦਾ ਨੂੰ ‘ਆਪ’ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਦਾ ਵਿਰੋਧ ਕੀਤਾ। ‘ਆਪ’ ਸਮਰਥਕਾਂ ਨੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤਾ ਅਤੇ ਕਿਹਾ ਕਿ ਜਿਹੜੇ ਪਾਰਟੀ ਉਮੀਦਵਾਰਾਂ ਨੇ ਕੌਂਸਲ ਚੋਣਾਂ ਲੜੀਆਂ, ਬੂਥ ਪੱਧਰ ਉੱਤੇ ਪਾਰਟੀ ਨੂੰ ਮਜ਼ਬੂਤ ਕੀਤਾ, ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ‘ਆਪ’ ਵਿੱਚ ਕਾਂਗਰਸੀਆਂ ਦੀ ਕਰਾਈ ਜਾ ਰਹੀ ਸ਼ਮੂਲੀਅਤ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।