ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 23 ਜੂਨ
ਹਲਕਾ ਖਰੜ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਦੇ ਮਕਸਦ ਨਾਲ ‘ਆਪ’ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਯਤਨਾ ਸਦਕਾ ਪਿੰਡ ਕਾਂਸਲ ਵਿੱਚ ਪਾਸ ਹੋਏ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਸਬੰਧੀ ਉਨ੍ਹਾਂ ਦੀ ਟੀਮ ਵੱਲੋਂ ਕਈ ਥਾਵਾਂ ਦਾ ਦੌਰਾ ਕਰਦਿਆਂ ਥਾਂ ਦੀ ਚੋਣ ਕਰਨ ਲਈ ਪਿੰਡ ਵਾਸੀਆਂ ਨਾਲ ਰਾਬਤਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਆਗੂ ਯੋਧਾ ਸਿੰਘ ਮਾਨ, ਬੀਬੀ ਕਾਂਤਾ ਸ਼ਰਮਾ, ਸ੍ਰੀ ਚੰਦ, ਮੇਜਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਸਦਕਾ ਪੰਜਾਬ ਵਿਚ ਆਮ ਲੋਕਾਂ ਦੀ ਸੁਵਿਧਾ ਲਈ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਥਾਵਾਂ ਦੇਖੀਆਂ ਗਈਆਂ ਹਨ ਤਾਂ ਕਿ ਆਸਾਨੀ ਨਾਲ ਉਥੇ ਪਹੁੰਚ ਕੇ ਸਿਹਤ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾ ਸਕਣ। ਨਿਸ਼ਚਿਤ ਕੀਤੀਆਂ ਥਾਵਾਂ ਸਬੰਧੀ ਰਿਪੋਰਟ ਬਣਾ ਕੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਇਸ ਮੌਕੇ ਸਿਹਤ ਵਿਭਾਗ ਵੱਲੋਂ ਸੁਰਿੰਦਰ ਕੌਰ ਐੱਸਐੱਮਓ ਘੜੂੰਆਂ, ਮਿਉਂਸਿਪਲ ਨਗਰ ਕੌਂਸਲ ਨਵਾਂ ਗਾਉਂ ਦੇ ਕਾਰਜਸਾਧਕ ਅਫਸਰ ਵਰਿੰਦਰ ਜੈਨ, ਰਿਸ਼ੂ ਕੌਰ, ਸਤੀਸ਼ ਕੁਮਾਰ, ਹਰਮੇਸ਼ ਮੇਸ਼ੀ ਤੇ ਨੰਬਰਦਾਰ ਜੋਗਿੰਦਰ ਗਿਰ ਆਦਿ ਹਾਜ਼ਰ ਸਨ।