ਸ਼ਸ਼ੀ ਪਾਲ ਜੈਨ/ਸੰਜੀਵ ਤੇਜਪਾਲ
ਖਰੜ/ਮੋਰਿੰਡਾ, 13 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਖਰੜ ਅਤੇ ਮੋਰਿੰਡਾ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਮੋਰਿੰਡਾ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ 10 ਕਰੋੜ ਰੁਪਏ ਵਾਧੂ ਦੇਣ ਦਾ ਐਲਾਨ ਵੀ ਕੀਤਾ।
ਇਸ ਦੌਰਾਨ ਚੰਨੀ ਨੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਰਾਘਵ ਚੱਢਾ ਵੱਲੋਂ ਉਨ੍ਹਾਂ ਦੇ ਚਾਰ ਕੈਬਨਿਟ ਮੰਤਰੀਆਂ ਦੇ ’ਆਪ’ ਵਿੱਚ ਸ਼ਾਮਲ ਹੋਣ ਦੀਆਂ ਝੂਠੀਆਂ ਅਫਵਾਹਾਂ ਫੈਲਾਉਣ ’ਤੇ ਵਰ੍ਹਦਿਆਂ ਉਨ੍ਹਾਂ ਨੂੰ ਬੇਲੋੜਾ ਪ੍ਰਚਾਰ ਕਰਨ ਲਈ ਝੂਠ ਬੋਲਣ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ। ਮੁੱਖ ਮੰਤਰੀ ਨੈ ਕਿਹਾ ਕਿ ‘ਆਪ’ ਸਿਰਫ ਗੁਮਰਾਹਕੁਨ ਅਤੇ ਝੂਠੀਆਂ ਗੱਲਾਂ ਨਾਲ ਲੋਕਾਂ ਨੂੰ ਭਟਕਾਉਣਾ ਚਾਹੁੰਦੀ ਹੈ ਪਰ ਇਹ ਚਾਲਾਂ ਉਨ੍ਹਾਂ ’ਤੇ ਹੀ ਪੁੱਠੀਆਂ ਪੈਣਗੀਆਂ।
ਖਰੜ ਦੇ ਪਿੰਡ ਤ੍ਰਿਪੜੀ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਆਈ.ਟੀ.ਆਈ., ਆਡੀਟੋਰੀਅਮ ਸਮੇਤ ਇਨਡੋਰ ਸਪੋਰਟਸ ਹਾਲ ਅਤੇ ਫੁੱਟਬਾਲ ਮੈਦਾਨ ਦਾ ਨੀਂਹ ਪੱਥਰ ਰੱਖਦਿਆਂ ਮੁੱਖ ਮੰਤਰੀ ਨੇ ਪਿੰਡ ਤ੍ਰਿਪੜੀ ਵੱਲੋਂ 8 ਏਕੜ ਜ਼ਮੀਨ ਦਾਨ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਸਥਾਪਤ ਕੀਤੀ ਜਾਣ ਆਈ.ਟੀ.ਆਈ. ਇਸ ਖੇਤਰ ਦੇ ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕਰਨ ਲਈ ਮੀਲ ਪੱਥਰ ਸਾਬਤ ਹੋਵੇਗੀ। ਇਸ ਦੇ ਨਾਲ ਹੀ ਇਨਡੋਰ ਸਪੋਰਟਸ ਹਾਲ ਵਿੱਚ ਜਿਮਨਾਸਟਿਕ, ਬਾਸਕਟਬਾਲ, ਵਾਲੀਬਾਲ ਅਤੇ ਹੋਰ ਖੇਡ ਸਹੂਲਤਾਂ ਸਾਮਲ ਹੋਣਗੀਆਂ ਜਿਸ ਨਾਲ ਖੇਡ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ। ਚੰਨੀ ਨੇ ਕਿਹਾ ਕਿ ਆਈ.ਟੀ.ਆਈ. ਦੀ ਇਮਾਰਤ ਜਨਵਰੀ, 2022 ਦੇ ਅੰਤ ਤੱਕ ਮੁਕੰਮਲ ਹੋ ਜਾਵੇਗੀ, ਜਦੋਂ ਕਿ ਇਨਡੋਰ ਸਪੋਰਟਸ ਹਾਲ ਅਗਸਤ 2022 ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਫੁੱਟਬਾਲ ਦਾ ਮੈਦਾਨ ਅਪਰੈਲ, 2022 ਤੱਕ ਮੁਕੰਮਲ ਹੋ ਜਾਵੇਗਾ।
ਇਸੇ ਤਰ੍ਹਾਂ ਮੋਰਿੰਡਾ ਵਿੱਚ ਮੁੱਖ ਮੰਤਰੀ ਨੇ 5 ਕਰੋੜ ਦੀ ਲਾਗਤ ਵਾਲੀ 2 ਏਕੜ ਰਕਬੇ ਵਿੱਚ ਫੈਲੀ ਐੱਸ.ਡੀ.ਐੱਮ. ਦਫਤਰ ਦੀ ਨਵੀਂ ਇਮਾਰਤ ਤੋਂ ਇਲਾਵਾ 74.32 ਕਰੋੜ ਰੁਪਏ ਦੀ ਲਾਗਤ ਵਾਲੇ 100 ਫੀਸਦੀ ਜਲ ਸਪਲਾਈ, ਸੀਵਰੇਜ, ਨਹਿਰੀ ਪਾਣੀ ਦੀ ਸਪਲਾਈ ਅਤੇ ਹੋਰ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਜਲ ਸਪਲਾਈ ਪ੍ਰੋਜੈਕਟ ਕਜੌਲੀ ਵਾਟਰ ਵਰਕਸ ਤੋਂ ਮੋਰਿੰਡਾ ਅਤੇ ਖਰੜ ਕਸਬਿਆਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਏਗਾ। ਇਸ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਸ੍ਰੀ ਚਮਕੌਰ ਸਾਹਿਬ, ਰੂਪਨਗਰ ਅਤੇ ਮੋਰਿੰਡਾ ਬਲਾਕਾਂ ਦੇ 140 ਯੂਥ ਕਲੱਬਾਂ/ਵੈਲਫੇਅਰ ਸੁਸਾਇਟੀਆਂ ਨੂੰ 6.85 ਕਰੋੜ ਰੁਪਏ ਦੇ ਚੈੱਕ ਵੀ ਸੌਂਪੇ।