ਪੱਤਰ ਪ੍ਰੇਰਕ
ਚੰਡੀਗੜ੍ਹ, 19 ਮਾਰਚ
ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਨੇ ਆਸ ਪ੍ਰਗਟਾਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਉਮੀਦਾਂ ’ਤੇ ਖਰਾ ਉਤਰਦਿਆਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰੇਗੀ। ਅੱਜ ਇੱਥੇ ਜਾਰੀ ਬਿਆਨ ‘ਆਪ’ ਮੁਲਾਜ਼ਮ ਵਿੰਗ ਦੇ ਪ੍ਰਧਾਨ ਜੇ.ਪੀ. ਸਿੰਘ (ਪ੍ਰਿੰਸੀਪਲ), ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਸਵਰਨ ਸਿੰਘ ਸੈਂਪਲਾ, ਬਚਿੱਤਰ ਸਿੰਘ, ਖੁਸ਼ਿਵੰਦਰ ਕਪਿਲਾ, ਗੁਲਜ਼ਾਰ ਸਿੰਘ ਪਟਿਆਲਵੀ, ਰਣਜੀਤ ਸਿੰਘ ਮਾਨ, ਦਲਬੀਰ ਸਿੰਘ ਬਾਜਵਾ (ਅੰਮ੍ਰਿਤਸਰ) ਨੇ ਮਾਨ ਸਰਕਾਰ ਵੱਲੋਂ 25 ਹਜ਼ਾਰ ਅਸਾਮੀਆਂ ਭਰਨ ਦੇ ਫ਼ੈਸਲੇ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਬੇਰੁਜ਼ਗਾਰਾਂ ਨਾਲ ਕੀਤਾ ਵਾਅਦਾ ਪੂਰਾ ਹੋਵੇਗਾ। ਉਨ੍ਹਾਂ ਸੁਝਾਅ ਦਿੱਤਾ ਕਿ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਲਈ ਭਰਤੀ ਪ੍ਰੀਖਿਆ ਦੇ ਨਤੀਜੇ ਐਲਾਨ ਕੇ ਚੋਣ ਪ੍ਰਕਿਰਿਆ ਪੂਰੀ ਕੀਤੀ ਜਾਵੇ, ਕਿਉਂਕਿ ਟੈਸਟ ਦੇ ਚੁੱਕੇ ਉਮੀਦਵਾਰਾਂ ਰੁਜ਼ਗਾਰ ਦੀ ਉਡੀਕ ’ਚ ਬੈਠੇ ਹਨ। ਇਸੇ ਤਰ੍ਹਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪਟਿਆਲਾ ਵਿੱਚ ਵੀ ਭਰਤੀ ਬਾਕੀ ਹੈ। ਦੂਜੇ ਪਾਸੇ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਕੰਵਲਜੀਤ ਕੌਰ ਭਾਟੀਆ ਦੀ ਅਗਵਾਈ ਹੇਠ ਹੋਈ। ਜਨਰਲ ਸਕੱਤਰ ਸ਼ਿਆਮ ਲਾਲ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਮਨੋਹਰ ਸਿੰਘ ਮੱਕੜ ਆਦਿ ਨੇ ਕਿਹਾ ਕਿ ਐਸੋਸੀਏਸ਼ਨ ਨੇ ਸਰਕਾਰ ਦੇ ਭਰਤੀ ਵਾਲੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।