ਮੁਕੇਸ਼ ਕੁਮਾਰ
ਚੰਡੀਗੜ੍ਹ, 30 ਦਸੰਬਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਵੱਲੋਂ 14 ਸੀਟਾਂ ’ਤੇ ਇਤਿਹਾਸਕ ਜਿੱਤ ਦਰਜ ਕੀਤੀ ਗਈ ਹੈ। ਇਸ ਸਬੰਧ ਵਿੱਚ ਅੱਜ ਇੱਥੇ ਪਾਰਟੀ ਵੱਲੋਂ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਜੇਤੂ ਮਾਰਚ ਕੱਢਿਆ ਗਿਆ। ਸ੍ਰੀ ਕੇਜਰੀਵਾਲ ਨੇ ਨਿਗਮ ਚੋਣਾਂ ਵਿੱਚ ‘ਆਪ’ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਲਈ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕੀਤਾ। ਸੈਕਟਰ-22 ਸਥਿਤ ਅਰੋਮਾ ਚੌਕ ਤੋਂ ਸੈਕਟਰ-23 ਤੱਕ ਕੱਢੇ ਗਏ ਇਸ ਜੇਤੂ ਮਾਰਚ ਵਿੱਚ ‘ਆਪ’ ਦੇ ਚੁਣੇ 14 ਕੌਂਸਲਰਾਂ ਸਣੇ ਚੰਡੀਗੜ੍ਹ ‘ਆਪ’ ਦੇ ਪ੍ਰਧਾਨ ਪ੍ਰੇਮ ਗਰਗ, ਸਹਿ-ਇੰਚਾਰਜ ਪ੍ਰਦੀਪ ਛਾਬੜਾ, ਸੰਸਦ ਮੈਂਬਰ ਭਗਵੰਤ ਮਾਨ, ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ, ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ, ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਪਾਰਟੀ ਇੰਚਾਰਜ ਚੰਦਰਮੁਖੀ ਸ਼ਰਮਾ ਅਤੇ ‘ਆਪ’ ਸਮਰਥਕ ਹਾਜ਼ਰ ਸਨ।
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਦੇ ਨਤੀਜਿਆਂ ਦੀ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਇਨ੍ਹਾਂ ਚੋਣਾਂ ਵਿੱਚ ‘ਆਪ’ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ‘ਆਪ’ ਉਮੀਦਵਾਰਾਂ ’ਤੇ ਜੋ ਭਰੋਸਾ ਕੀਤਾ ਹੈ, ਉਹ ਉਨ੍ਹਾਂ ਦੇ ਭਰੋਸੇ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ। ਉਨ੍ਹਾਂ ਨੂੰ ਪਾਰਟੀ ਕੌਂਸਲਰਾਂ ਨੂੰ ਕਿਹਾ ਕਿ ਚੋਣਾਂ ਜਿੱਤਣ ਮਗਰੋਂ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ‘ਆਪ’ ਦੇ ਦਿੱਲੀ ਮਾਡਲ ਨੂੰ ਦੇਖ ਕੇ ਵੋਟਾਂ ਪਾਈਆਂ ਹਨ। ਚੰਡੀਗੜ੍ਹ ਵਿੱਚ ਵੀ ਦਿੱਲੀ ਮਾਡਲ ਲਾਗੂ ਕਰਕੇ ਇਸ ਨੂੰ ਸਭ ਤੋਂ ਖੂਬਸੂਰਤ ਸ਼ਹਿਰ ਬਣਾਇਆ ਜਾਵੇਗਾ।
ਸ੍ਰੀ ਕੇਜਰੀਵਾਲ ਨੇ ਪਾਰਟੀ ਕੌਂਸਲਰਾਂ ਨੂੰ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਇੱਥੋਂ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਂ ’ਤੇ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਕਿਸੇ ਕਿਸਮ ਦਾ ਪੱਖਪਾਤ ਨਾ ਕੀਤਾ ਜਾਵੇ। ਚੰਡੀਗੜ੍ਹ ਨੂੰ ‘ਸਿਟੀ ਬਿਊਟੀਫੁੱਲ’ ਦਾ ਟੈਗ ਵਾਪਸ ਦਿਵਾ ਕੇ ਇਸ ਨੂੰ ਦੇਸ਼ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਇਸ ਮੌਕੇ ਪਾਰਟੀ ਕੌਂਸਲਰਾਂ ਨੂੰ ਸ਼ਹਿਰ ਦੇ ਵਿਕਾਸ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਸਹੁੰ ਵੀ ਚੁਕਾਈ। ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਚੰਡੀਗੜ੍ਹ ਦੀਆਂ ਮਿਉਂਸਪਲ ਚੋਣਾਂ ਜਿੱਤੀਆਂ ਹਨ, ਉਸੇ ਤਰ੍ਹਾਂ ਉਹ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਹਾਸਲ ਕਰਕੇ ਸਹੁੰ ਚੁੱਕਣ ਲਈ ਮੁੜ ਚੰਡੀਗੜ੍ਹ ਆਉਣਗੇ।
ਮੇਅਰ ਦੇ ਨਾਂ ਦਾ ਐਲਾਨ ਜਲਦੀ: ਚੰਡੀਗੜ੍ਹ ਦਾ ਮੇਅਰ ਬਣਾਉਣ ਦੇ ਸਵਾਲ ’ਤੇ ਸ੍ਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਹੀ ਮੇਅਰ ਬਣਾਏਗੀ ਤੇ ਨਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਵਿਰੋਧੀ ਪਾਰਟੀਆਂ ’ਤੇ ਤਿੱਖਾ ਹਮਲਾ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੀ ਸਰਕਾਰ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਨੂੰ ਖਤਮ ਕਰਕੇ ਲੋਕਾਂ ਨੂੰ ਸਥਿਰ ਅਤੇ ਇਮਾਨਦਾਰ ਸਰਕਾਰ ਦੇਵੇਗੀ। ਉਹ ਮੁਹਾਲੀ ਏਅਰਪੋਰਟ ’ਤੇ ਉਤਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਭਰੋਸੇ ’ਤੇ ਖਰੀ ਉਤਰੇਗੀ ਅਤੇ ਦਿੱਲੀ ਵਾਂਗ ਚੰਡੀਗੜ੍ਹ ਵਿੱਚ ਵੀ ਬਦਲਾਅ ਲਿਆਵੇਗੀ।
ਚੰਡੀਗੜ੍ਹ ਵਾਸੀਆਂ ਨੇ ਇਤਿਹਾਸ ਬਦਲ ਦਿੱਤਾ: ਭਗਵੰਤ ਮਾਨ
ਜੇਤੂ ਮਾਰਚ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੇ ਇਤਿਹਾਸ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਫਰਤ ਅਤੇ ਧਰਮ ਦੀ ਰਾਜਨੀਤੀ ਨਹੀਂ ਕਰਦੀ ਸਗੋਂ ਵਿਕਾਸ ਦੀ ਰਾਜਨੀਤੀ ਕਰਦੀ ਹੈ। ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਆਮ ਉਮੀਦਵਾਰਾਂ ਨੇ ਦੂਜੀਆਂ ਪਾਰਟੀਆਂ ਦੇ ਦਿੱਗਜ ਆਗੂਆਂ ਨੂੰ ਹਰਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਟੀਚਾ ਚੰਡੀਗੜ੍ਹ ਨੂੰ ਮੁੜ ‘ਸਿਟੀ ਬਿਊਟੀਫੁੱਲ’ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਪਹਿਲਾਂ ਦੇਸ਼ ਦੀ ਰਾਜਧਾਨੀ ਜਿੱਤੀ ਅਤੇ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿੱਤਣ ਤੋਂ ਬਾਅਦ ਪੰਜਾਬ ਵਿੱਚ ਵੀ ਆਪਣੀ ਸਰਕਾਰ ਬਣਾਏਗੀ। ਜੇਤੂ ਮਾਰਚ ਨੂੰ ‘ਆਪ’ ਦੇ ਸਹਿ-ਇੰਚਾਰਜ ਪ੍ਰਦੀਪ ਛਾਬੜਾ ਅਤੇ ਚੰਡੀਗੜ੍ਹ ਨਿਗਮ ਚੋਣਾਂ ਲਈ ਪਾਰਟੀ ਦੇ ਇੰਚਾਰਜ ਚੰਦਰਮੁਖੀ ਸ਼ਰਮਾ ਨੇ ਵੀ ਸੰਬੋਧਨ ਕੀਤਾ ਅਤੇ ‘ਆਪ’ ਦੀ ਸ਼ਾਨਦਾਰ ਜਿੱਤ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮਾਰਚ ਦੌਰਾਨ ਚੰਡੀਗੜ੍ਹ ਵਾਸੀਆਂ ਵੱਲੋਂ ਅਰਵਿੰਦ ਕੇਜਰੀਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ।ਅਰੋਮਾ ਚੌਕ ਤੋਂ ਸੈਕਟਰ-23 ਤੱਕ ਪੂਰੀ ਸੜਕ ਨੂੰ ਸਵਾਗਤੀ ਗੇਟ ਨਾਲ ਸਜਾਇਆ ਗਿਆ ਸੀ। ਇਸੇ ਦੌਰਾਨ ਸੜਕ ’ਤੇ ਆਮ ਲੋਕਾਂ ਦੇ ਵਾਹਨਾਂ ਦੀ ਆਵਾਜਾਈ ਠੱਪ ਰਹੀ ਤੇ ਆਪਣੀਆਂ ਮੰਜ਼ਿਲਾਂ ਵੱਲ ਜਾਣ ਵਾਲੇ ਰਾਹਗੀਰਾਂ ਨੂੰ ਦਿੱਂਕਤਾਂ ਦਾ ਸਾਹਮਣਾ ਕਰਨਾ ਪਿਆ।