ਮੁਕੇਸ਼ ਕੁਮਾਰ
ਚੰਡੀਗੜ੍ਹ, 5 ਦਸੰਬਰ
ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 22 (ਸੈਕਟਰ 31 ਤੋਂ 33) ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅੰਜੂ ਕਟਿਆਲ ਨੇ ਵੀ ਆਪਣੇ ਸੈਂਕੜੇ ਸਮਰਥਕਾਂ ਸਮੇਤ ਸੈਕਟਰ 32 ਵਿੱਚ ਆਸ਼ੀਰਵਾਦ ਯਾਤਰਾ ਕੱਢੀ। ਇਸ ਦੌਰਾਨ ਉਨ੍ਹਾਂ ਸੈਕਟਰ-32 ਸੀ ਸਥਿਤ ਭਗਵਾਨ ਮਹਾਂਰਿਸ਼ੀ ਵਾਲਮੀਕਿ ਮੰਦਰ ਵਿੱਚ ਜਾ ਕੇ ਮੱਥਾ ਟੇਕਿਆ ਅਤੇ ਇਨ੍ਹਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਅਰਦਾਸ ਕੀਤੀ।
ਅੰਜੂ ਕਟਿਆਲ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੀ ਤਰਫੋਂ ਨਗਰ ਨਿਗਮ ਚੋਣਾਂ ਲੜ ਰਹੇ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਮਗਰੋਂ ਸਿਆਸੀ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਸ਼ਹਿਰ ਦੇ ਸਾਰੇ ਵਾਰਡਾਂ ਦੇ ਉਮੀਦਵਾਰਾਂ ਤੋਂ ਆਪੋ-ਆਪਣੇ ਵਾਰਡਾਂ ਵਿੱਚ ਜਾ ਕੇ ਇਹ ਆਸ਼ੀਰਵਾਦ ਯਾਤਰਾ ਕੱਢਣ ਦਾ ਫੈਸਲਾ ਕੀਤਾ ਗਿਆ| ਇਸ ਪ੍ਰੋਗਰਾਮ ਤਹਿਤ ਉਹ ਅੱਜ ਆਪਣੇ ਵਾਰਡ ਦੇ ਸੈਕਟਰ 32 ਸੀ ਸਥਿਤ ਭਗਵਾਨ ਮਹਾਂਰਿਸ਼ੀ ਵਾਲਮੀਕਿ ਮੰਦਰ ਗਏ ਅਤੇ ਉਨ੍ਹਾਂ ਚੋਣਾਂ ਵਿੱਚ ਸਫਲਤਾ ਨੂੰ ਲੈ ਕੇ ਪੂਜਾ ਕੀਤੀ ਅਤੇ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਹੋਰ ਸਮਰਥਕ ਵੀ ਮੌਜੂਦ ਸਨ। ਇਸ ਮੌਕੇ ਅੰਜੂ ਕਤਿਆਲ ਅਤੇ ਉਨ੍ਹਾਂ ਦੇ ਸਮੂਹ ਸਮਰਥਕਾਂ ਨੇ ਮੰਦਰ ਵਿੱਚ ਪੂਜਾ ਕੀਤੀ ਅਤੇ ਨਿਗਮ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਅਰਦਾਸ ਕੀਤੀ।
ਇਸ ਆਸ਼ੀਰਵਾਦ ਯਾਤਰਾ ਦੌਰਾਨ ਸ਼ਾਮਲ ਹੋਏ ਸਮਰਥਕਾਂ ਨੇ ਇਲਾਕੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਉਮੀਦਵਾਰ ਅੰਜੂ ਕਤਿਆਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਆਮ ਆਦਮੀ ਪਾਰਟੀ ਦੀ ਉਮੀਦਵਾਰ ਅੰਜੂ ਕਟਿਆਲ ਨੇ ਵੀ ਆਸ਼ੀਰਵਾਦ ਯਾਤਰਾ ਦੌਰਾਨ ਸੈਕਟਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀਆਂ ਲਗਪਗ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਜ਼ਮਾ ਚੁੱਕੇ ਹਨ, ਹੁਣ ਉਹ ਆਮ ਆਦਮੀ ਪਾਰਟੀ ਨੂੰ ਅਜ਼ਮਾਉਣ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਚੰਡੀਗੜ੍ਹ ਸ਼ਹਿਰ ਲਈ ਐਲਾਨੀਆਂ ਗਈਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣਗੇ।