ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਕਤੂਬਰ
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਚੰਡੀਗੜ੍ਹ ਨਗਰ ਨਿਗਮ ਵਿੱਚ ਨਾਮਜ਼ਦ ਕੀਤੇ 9 ਕੌਂਸਲਰਾਂ ਦਾ ‘ਆਪ’ ਅਤੇ ਕਾਂਗਰਸ ਨੇ ਵਿਰੋਧ ਕੀਤਾ ਹੈ। ਦੋਵਾਂ ਪਾਰਟੀਆਂ ਵੱਲੋਂ ਯੂਟੀ ਦੇ ਪ੍ਰਸ਼ਾਸਕ ਤੋਂ ਨਾਮਜ਼ਦ ਕੀਤੇ ਕੌਂਸਲਰਾਂ ਸਬੰਧੀ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਵੱਖ-ਵੱਖ ਖੇਤਰਾਂ ਦੇ ਮਾਹਿਰ ਵਿਅਕਤੀਆਂ ਨੂੰ ਨਗਰ ਨਿਗਮ ਵਿੱਚ ਭੇਜਣ ਦੀ ਥਾਂ ਆਪਣੇ ਵਰਕਰਾਂ ਨੂੰ ਨਗਰ ਨਿਗਮ ਵਿੱਚ ਭੇਜ ਦਿੱਤਾ ਹੈ।
ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਨੌਂ ਕੌਂਸਲਰ ਨਾਮਜ਼ਦ ਕਰਨ ਦੇ ਨਾਮ ’ਤੇ ਭਾਜਪਾ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ, ਇੰਜਨੀਅਰਿੰਗ, ਵਾਤਾਵਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਨਗਰ ਨਿਗਮ ਵਿੱਚ ਕੌਂਸਲਰ ਵਜੋਂ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਜੋ ਸ਼ਹਿਰ ਦਾ ਚੌਤਰਫਾ ਵਿਕਾਸ ਕੀਤਾ ਜਾ ਸਕੇ। ਪ੍ਰੇਮ ਗਰਗ ਨੇ ਕਿਹਾ ਕਿ ‘ਆਪ’ ਨਾਮਜ਼ਦ ਕੌਂਸਲਰਾਂ ਦਾ ਵਿਰੋਧ ਕਰੇਗੀ।
ਫ਼ੈਸਲੇ ’ਤੇ ਮੁੜ ਵਿਚਾਰ ਹੋਵੇ: ਕਾਂਗਰਸ
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਯੂਟੀ ਦੇ ਪ੍ਰਸ਼ਾਸਕ ਵੱਲੋਂ ਨਗਰ ਨਿਗਮ ਲਈ ਨਾਮਜ਼ਦ ਕੀਤੇ ਕੌਂਸਲਰਾਂ ਦੀ ਚੋਣ ਬਹੁਤ ਗਲਤ ਕੀਤੀ ਹੈ। ਇਨ੍ਹਾਂ ਨੌਂ ਵਿੱਚੋਂ ਅੱਠ ਵਿਅਕਤੀ ਭਾਜਪਾ ਦੇ ਕਿਸੇ ਨਾ ਕਿਸੇ ਅਹੁਦੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਯੂਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ।