ਪੱਤਰ ਪ੍ਰੇਰਕ
ਮੁੱਲਾਂਪੁਰ ਗ਼ਰੀਬਦਾਸ, 24 ਅਪਰੈਲ
ਆਮ ਆਦਮੀ ਪਾਰਟੀ ਕਾਰਕੁਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਦਫ਼ਤਰਾਂ ਵਿੱਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਜਾਣ, ਜੋ ਸਮੇਂ ਦੀ ਅਹਿਮ ਲੋੜ ਹੈ।
ਬੈਨੀਪਾਲ ਗਰੁੱਪ ਦੇ ਅਹੁਦੇਦਾਰਾਂ ਦਲਵਿੰਦਰ ਸਿੰਘ ਬੈਨੀਪਾਲ, ਜਗਜੀਤ ਸਿੰਘ ਜੱਗੀ, ਹਰਪ੍ਰੀਤ ਸਿੰਘ, ਭਾਗ ਸਿੰਘ, ਗੁਰਜੀਤ ਸਿੰਘ ਫੌਜੀ, ਮੇਵਾ ਸਿੰਘ, ਬਲਵਿੰਦਰ ਸਿੰਘ ਤ੍ਰਿਲੋਚਨ ਸਿੰਘ, ਕਰਮ ਸਿੰਘ ਆਦਿ ਨੇ ਵਿਧਾਇਕਾ ਬੀਬਾ ਅਨਮੋਲ ਗਗਨ ਮਾਨ ਰਾਹੀਂ ਮੁੱਖ ਮੰਤਰੀ ਨੂੰ ਭੇਜੀ ਚਿੱਠੀ ਵਿੱਚ ਕਿਹਾ ਕਿ ਜਦੋਂ ਦੀ ਨਵੀਂ ਸਰਕਾਰ ਹੋਂਦ ਵਿੱਚ ਆਈ ਹੈ, ਸਰਕਾਰੀ ਮਹਿਕਮਿਆਂ ਵਿੱਚ ਕਾਰਜ-ਸ਼ੈਲੀ ਵਿੱਚ ਵੀ ਕੁੱਝ ਬਦਲਾਅ ਆਉਣਾ ਸ਼ੁਰੂ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਤਹਿਸੀਲਾਂ, ਥਾਣਿਆਂ, ਹਸਪਤਾਲਾਂ, ਬਿਜਲੀ ਦਫ਼ਤਰਾਂ ਆਦਿ ਵਿੱਚ ਸਰਕਾਰ ਦੀ ਭ੍ਰਿਸ਼ਟਾਚਾਰ ਮੁਹਿੰਮ ਦਾ ਅਸਰ ਜ਼ਮੀਨੀ ਪੱਧਰ ’ਤੇ ਐਨਾ ਨਹੀਂ ਹੋਇਆ, ਜਿੰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀ ‘ਮਿਹਰਬਾਨੀ’ ਸਦਕਾ ਅਜੇ ਵੀ ਇਲਾਕੇ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਕਈ ਅਫਸਰ ਕਈ ਕਈ ਸਾਲਾਂ ਤੋਂ ਇੱਕੋ ਥਾਂ ’ਤੇ ਹੀ ਤਾਇਨਾਤ ਹਨ।