ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 26 ਅਕਤੂਬਰ
ਇੱਥੋਂ ਦੇ ਫੇਜ਼-4 ਵਿੱਚ ਆਪਣੀ ਭੈਣ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਮੁਟਿਆਰ ਨੇ ਬੁੱਧਵਾਰ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸੁਲੱਗਣਾ (24) ਵਜੋਂ ਹੋਈ ਹੈ। ਪਿੱਛੋਂ ਇਹ ਪੱਛਮੀ ਬੰਗਾਲ ਦੀਆਂ ਰਹਿਣ ਵਾਲੀਆਂ ਹਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਮੁਹਾਲੀ ਵਿੱਚ ਰਹਿ ਰਹੀਆਂ ਹਨ। ਇਹ ਦੋਵੇਂ ਭੈਣਾਂ ਮਕਾਨ ਦੀ ਉੱਪਰਲੀ ਮੰਜ਼ਿਲ ’ਤੇ ਕਿਰਾਏ ’ਤੇ ਰਹਿੰਦੀਆਂ ਹਨ ਅਤੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੀਆਂ ਹਨ।
ਥਾਣਾ ਫੇਜ਼-1 ਦੇ ਐੱਸਐੱਚਓ ਸੁਮਿਤ ਮੋਰ ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਦੇ ਪਿਤਾ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਪਿਛਲੇ ਸਾਲ ਉਨ੍ਹਾਂ ਦੀ ਮਾਤਾ ਦੀ ਵੀ ਮੌਤ ਹੋ ਗਈ ਸੀ। ਪੁਲੀਸ ਅਨੁਸਾਰ ਸੁਲੱਗਣਾ ਪਿਛਲੇ ਕੁੱਝ ਸਮੇਂ ਤੋਂ ਤਣਾਅ ਵਿੱਚ ਸੀ। ਉਹ ਆਪਣੀ ਭੈਣ ਨੂੰ ਅਕਸਰ ਕਿਹਾ ਕਰਦੀ ਸੀ ਕਿ ਉਸ ਨੂੰ ਮ੍ਰਿਤਕ ਮਾਂ ਨਜ਼ਰ ਆਉਂਦੀ ਹੈ, ਜੋ ਉਸ ਨੂੰ ਆਪਣੇ ਨਾਲ ਚੱਲਣ ਲਈ ਕਹਿੰਦੀ ਹੈ। ਦੀਵਾਲੀ ਤੋਂ ਦੋ ਦਿਨ ਪਹਿਲਾਂ ਵੀ ਸੁਲੱਗਣਾ ਨੇ ਆਪਣੀ ਭੈਣ ਨੂੰ ਕਿਹਾ ਸੀ ਕਿ ਮਾਂ ਉਸ ਨੂੰ ਬੁਲਾ ਰਹੀ ਹੈ। ਅੱਜ ਸਵੇਰੇ ਸੁਲੱਗਣਾ ਦੀ ਭੈਣ ਆਪਣੇ ਕੰਮ ’ਤੇ ਚਲੀ ਗਈ ਸੀ ਅਤੇ ਪਿੱਛੋਂ ਕਮਰੇ ਵਿੱਚ ਉਹ ਇਕੱਲੀ ਸੀ। ਇਸ ਦੌਰਾਨ ਉਸ ਨੇ ਛੱਤ ਵਾਲੇ ਪੱਖੇ ਨਾਲ ਕੱਪੜਾ ਬੰਨ੍ਹ ਕੇ ਫਾਹਾ ਲੈ ਲਿਆ। ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਸੁਲੱਗਣਾ ਦੀ ਭੈਣ ਨੇ ਕਿਸੇ ਵਿਅਕਤੀ ਦੇ ਹੱਥ ਖਾਣੇ ਦਾ ਸਾਮਾਨ ਘਰ ਭਿਜਵਾਇਆ। ਉਹ ਬੰਦਾ ਜਦੋਂ ਖਾਣਾ ਲੈ ਕੇ ਘਰ ਪੁੱਜਾ ਤਾਂ ਉਸ ਨੇ ਦੇਖਿਆ ਕਿ ਸੁਲੱਗਣਾ ਨੇ ਖ਼ੁਦਕੁਸ਼ੀ ਕਰ ਲਈ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭਿਜਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।