ਹਰਜੀਤ ਸਿੰਘ
ਜ਼ੀਰਕਪੁਰ, 16 ਅਕਤੂਬਰ
ਇੱਥੋਂ ਦੀ ਪੁਰਾਣੀ ਕਾਲਕਾ ਰੋਡ ’ਤੇ ਲੰਘੀ ਰਾਤ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਨੌਜਵਾਨ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਦੀ ਪਛਾਣ ਅਦਿੱਤਿਆ ਵਾਸੀ ਐਰੋ ਸਿਟੀ ਬਲਾਕ ਸੀ ਦੇ ਰੂਪ ਵਿੱਚ ਹੋਈ ਹੈ ਜੋ ਰਾਜਪੁਰਾ ਇਕ ਨਿੱਜੀ ਬੈਂਕ ਵਿੱਚ ਨੌਕਰੀ ਕਰਦਾ ਹੈ। ਪੁਲੀਸ ਨੇ ਜ਼ਖ਼ਮੀ ਦੇ ਭਰਾ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਜ਼ਖ਼ਮੀ ਨੌਜਵਾਨ ਇੱਥੇ ਆਪਣੇ ਪੁਰਾਣੀ ਦੋਸਤ ਨੂੰ ਮਿਲਣ ਲਈ ਆਇਆ ਹੋਇਆ ਸੀ ਜਿਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ।
ਜ਼ਖ਼ਮੀ ਨੌਜਵਾਨ ਦੀ ਮਹਿਲਾ ਦੋਸਤ ਵਾਸੀ ਮਾਡਰਨ ਐਨਕਲੇਵ ਨੇ ਦੱਸਿਆ ਕਿ ਉਹ ਨਿੱਜੀ ਬੈਂਕ ਵਿੱਚ ਨੌਕਰੀ ਕਰਦੀ ਹੈ। ਲੰਘੀ ਰਾਤ ਉਹ ਆਪਣੀ ਕਾਰ ਵਿੱਚ ਚੰਡੀਗੜ੍ਹ ਕਲਾਗ੍ਰਾਮ ਵਿੱਚ ਇਕ ਪ੍ਰੋਗਰਾਮ ਵਿੱਚ ਗਈ ਹੋਈ ਸੀ। ਜਦੋਂ ਉਹ ਕਰੀਬ ਪੌਣੇ 12 ਵਜੇ ਵਾਪਸ ਆਈ ਤਾਂ ਉਸ ਦੇ ਪੁਰਾਣੇ ਦੋਸਤ ਅਦਿੱਤਿਆ ਦੇ ਫੋਨ ਆ ਰਹੇ ਸੀ ਜੋ ਉਸ ਨੂੰ ਵਾਰ ਵਾਰ ਕਿਸੇ ਜ਼ਰੂਰੀ ਕੰਮ ਲਈ ਮਿਲਣ ਲਈ ਕਹਿ ਰਿਹਾ ਸੀ। ਜਦ ਉਹ ਵਾਪਸ ਘਰ ਕੋਲ ਆਈ ਤਾਂ ਉਹ ਆਪਣੀ ਕਾਰ ਕੋਲ ਖੜ੍ਹਾ ਸੀ। ਉਹ ਉਸ ਕੋਲ ਰੁਕੇ ਬਿਨਾਂ ਸਿੱਧਾ ਆਪਣੇ ਘਰ ਚਲੀ ਗਈ। ਕੁਝ ਦੇਰ ਬਾਅਦ ਅਦਿੱਤਿਆ ਦਾ ਫੋਨ ਆਇਆ ਕਿ ਉਸ ਨੂੰ ਬਚਾ ਲਵੇ।
ਉਹ ਆਪਣੇ ਭਰਾ ਨੂੰ ਲੈ ਕੇ ਪੁਰਾਣੀ ਕਾਲਕਾ ਸੜਕ ਤੋਂ ਪੰਚਕੂਲਾ ਵਾਲੇ ਪਾਸੇ ਭੱਜੀ ਗਈ। ਉੱਥੇ ਅਦਿੱਤਿਆ ਦੀ ਗੱਡੀ ਫਲਾਈਓਵਰ ਦੀ ਕੰਧ ਨਾਲ ਟਕਰਾਈ ਹੋਈ ਸੀ ਅਤੇ ਉਹ ਜ਼ਖ਼ਮੀ ਸੀ। ਉਸ ਨੂੰ ਲੱਗਿਆ ਕਿ ਅਦਿੱਤਿਆ ਦਾ ਐਕਸੀਡੈਂਟ ਹੋ ਗਿਆ ਹੈ ਪਰ ਉਸ ਨੇ ਉਸ ਨੂੰ ਦੱਸਿਆ ਕਿ ਉਸ ਦੀ ਗਰਦਨ ਵਿੱਚ ਗੋਲੀ ਲੱਗੀ ਹੋਈ ਹੈ। ਉਹ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸਦੀ ਹਾਲਤ ਦੀ ਗੰਭੀਰਤਾਂ ਨੂੰ ਦੇਖਦਿਆਂ ਚੰਡੀਗੜ੍ਹ ਸੈਕਟਰ 32 ਰੈਫਰ ਕਰ ਦਿੱਤਾ।
ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਜ਼ਖ਼ਮੀ ਦੇ ਭਰਾ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸੜਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਸੈਕਟਰ 32 ਹਸਪਤਾਲ ਦੇ ਡਾਕਟਰਾਂ ਨੇ ਅਪਰੇਸ਼ਨ ਕਰਨ ਮਗਰੋਂ ਗੋਲੀ ਕੱਢ ਦਿੱਤੀ ਹੈ ਪਰ ਹਾਲੇ ਵੀ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।