ਸੰਜੀਵ ਬੱਬੀ
ਚਮਕੌਰ ਸਾਹਿਬ, 16 ਸਤੰਬਰ
ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਦਰਿਆ ਸਤਲੁਜ ਤੋਂ ਪਾਰਲੇ ਪਿੰਡ ਮਾਲੇਵਾਲ ਵਿੱਚ ਦਿਨ ਦਿਹਾੜੇ ਨੌਜਵਾਨ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਚੌਕੀ ਬੇਲਾ ਦੇ ਇੰਚਾਰਜ ਸ਼ਿੰਦਰਪਾਲ ਨੇ ਦੱਸਿਆ ਕਿ ਪਿੰਡ ਮਾਲੇਵਾਲ ਦੇ ਨੌਜਵਾਨ ਲਖਵੀਰ ਦਾਸ (35) ਪੁੱਤਰ ਪ੍ਰਕਾਸ਼ ਦਾ ਨਜ਼ਦੀਕੀ ਪਿੰਡ ਘੁੜਕੇਵਾਲ ਦੇ ਹੀ ਲਖਵੀਰ ਸਿੰਘ (26) ਪੁੱਤਰ ਪਾਲ ਸਿੰਘ ਨੇ ਪਰਿਵਾਰ ਦੀ ਅਣਖ ਖਾਤਰ ਗਰਦਨ ’ਤੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲਖਵੀਰ ਦਾਸ ਨੇ ਦੋ ਸਾਲ ਪਹਿਲਾਂ ਮੁਲਜ਼ਮ ਲਖਵੀਰ ਸਿੰਘ ਦੀ ਭੈਣ ਨਾਲ ਪਰਿਵਾਰ ਦੀ ਮਰਜ਼ੀ ਤੋਂ ਉਲਟ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਉਹ ਕਿਸੇ ਹੋਰ ਪਿੰਡ ਵਿੱਚ ਰਹਿੰਦਾ ਸੀ। ਮ੍ਰਿਤਕ ਜਦੋਂ ਅੱਜ ਪਿੰਡ ਮਾਲੇਵਾਲ ਵਿੱਚ ਰਹਿੰਦੀ ਆਪਣੀ ਭੈਣ ਨੂੰ ਮਿਲਣ ਲਈ ਆਇਆ ਹੋਇਆ ਸੀ ਤਾਂ ਘਰ ਵਿੱਚ ਕੁਰਸੀ ’ਤੇ ਬੈਠੇ ਦਾ ਹੀ ਲਖਵੀਰ ਸਿੰਘ ਨੇ ਉਸ ਦੀ ਗਰਦਨ ’ਤੇ ਕਥਿਤ ਤੌਰ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ’ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੁਲਜ਼ਮ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੈਪਸ਼ਨ: ਲਖਵੀਰ ਦਾਸ ਦੀ ਫਾਈਲ ਫੋਟੋ।