ਪੱਤਰ ਪ੍ਰੇਰਕ
ਬਸੀ ਪਠਾਣਾਂ, 12 ਸਤੰਬਰ
ਦਿੱਲੀ ਤੋਂ ਹਿਮਾਚਲ ਜਾ ਰਹੀ ਰੇਲ ਗੱਡੀ ’ਚ ਇੱਕ ਝਪਟਮਾਰ ਵੱਲੋਂ ਸਫਰ ਕਰ ਰਹੀ ਇੱਕ ਔਰਤ ਦਾ ਨਕਦੀ ਤੇ ਸੋਨੇ ਚਾਂਦੀ ਦੇ ਗਹਿਣਿਆਂ ਵਾਲਾ ਹੈਂਡ ਬੈਗ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਸਤਾ ਚੌਧਰੀ ਵਾਸੀ ਮੇਰਠ ਆਪਣੇ ਪੁੱਤਰ ਨਾਲ ਦਿੱਲੀ ਤੋਂ ਨੰਗਲ ਜਾਣ ਲਈ ਹਿਮਾਚਲ ਐਕਸਪ੍ਰੈੱਸ ’ਚ ਸਫਰ ਕਰ ਰਹੀ ਸੀ ਤੇ ਜਦੋਂ ਰੇਲ ਗੱਡੀ ਰਾਤ ਨੂੰ ਡੇਢ ਵਜੇ ਦੇ ਕਰੀਬ ਕੁਰੂਕਸ਼ੇਤਰ ਕੋਲੋਂ ਲੰਘ ਰਹੀ ਸੀ ਤਾਂ ਇੱਕ ਝਪਟਮਾਰ ਨੌਜਵਾਨ ੳਸਦਾ ਹੈਂਡ ਬੈਗ ਖੋਹ ਕੇ ਦੌੜ ਗਿਆ। ਰੇਲ ਗੱਡੀ ਸਵੇਰੇ ਨੰਗਲ ਡੈਮ ਪਹੁੰਚੀ ਤਾਂ ਇਹ ਔਰਤ ਵੱਲੋਂ ਸਟੇਸ਼ਨ ’ਤੇ ਮੌਜੂਦ ਜੀ.ਆਰ.ਪੀ. ਕਰਮਚਾਰੀਆਂ ਨੂੰ ਮਾਮਲੇ ਦੀ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸਦੇ ਖੋਹੇ ਗਏ ਹੈਂਡ ਬੈਗ ’ਚ ਏ.ਟੀ.ਐੱਮ.,ਪੈਨ ਕਾਰਡ, ਆਧਾਰ ਕਾਰਡ, 4-5 ਤੋਲੇ ਸੋਨੇ ਦੇ ਗਹਿਣੇ, ਚਾਂਦੀ ਦੀਆਂ ਝਾਂਜਰਾਂ ਤੇ 50 ਹਜ਼ਾਰ ਰੁਪਏ ਦੀ ਨਕਦੀ ਸੀ। ਜੀ.ਆਰ.ਪੀ. ਥਾਣਾ ਸਰਹਿੰਦ ਦੀ ਪੁਲੀਸ ਨੇ ਇਸ ਔਰਤ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਜ਼ੀਰੋ ਐੱਫਆਈਆਰ ਦਰਜ ਕਰਕੇ ਮਾਮਲਾ ਕੁਰੂਕਸ਼ੇਤਰ ਜੀਆਰਪੀ ਕੋਲ ਭੇਜ ਦਿੱਤਾ ਹੈ।