ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਸਤੰਬਰ
ਖ਼ੁਰਾਕ ਤੇ ਸਪਲਾਈ ਵਿਭਾਗ ਵੱਲੋਂ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਵੰਡੇ ਜਾ ਰਹੇ ਅਨਾਜ ਤੋਂ ਸੈਕਟਰ-26 ਦੀ ਬਾਪੂ ਧਾਮ ਕਲੋਨੀ ਵਿੱਚ ਹੰਗਾਮਾ ਹੋ ਗਿਆ। ਲੋਕਾਂ ਦੇ ਪ੍ਰਸ਼ਾਸਨ ਵੱਲੋਂ ਘਟੀਆ ਕਿਸਮ ਦੀ ਕਣਕ ਵੰਡਣ ਦਾ ਦੋਸ਼ ਲਗਾ ਕੇ ਅਨਾਜ ਲੈਣ ਤੋਂ ਮਨ੍ਹਾ ਕਰ ਦਿੱਤਾ ਤੇ ਟਰੱਕ ਦਾ ਘਿਰਾਓ ਕੀਤਾ। ਲੋਕਾਂ ਦੇ ਵਿਰੋਧ ਮਗਰੋਂ ਇਲਾਕਾ ਕੌਂਸਲਰ ਦਲੀਪ ਸ਼ਰਮਾ ਮੌਕੇ ’ਤੇ ਪਹੁੰਚੇ। ਇਸ ਬਾਰੇ ਪਤਾ ਲੱਗਣ ’ਤੇ ਪੁੱਜੇ ਪ੍ਰਸ਼ਾਸਨ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸਕੱਤਰ ਪਰਸ਼ੂਰਾਮ ਵੀ ਕਾਵਲੇ ਨਾਲ ਕੌਂਸਲਰ ਸ਼ਰਮਾ ਦੀ ਤਕਰਾਰ ਹੋ ਗਈ। ਕੌਂਸਲਰ ਦਲੀਪ ਸ਼ਰਮਾ ਨੇ ਜਦੋਂ ਸਕੱਤਰ ਸ੍ਰੀ ਕਾਵਲੇ ਨੂੰ ਗ਼ੈਰਮਿਆਰੀ ਕਣਕ ਵੰਡਣ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਗੁੱਸੇ ਵਿਚ ਬਿਨਾ ਮਾਸਕ ਤੋਂ ਗੱਲ ਕਰ ਰਹੇ ਕੌਂਸਲਰ ਦਲੀਪ ਸ਼ਰਮਾ ਨੂੰ ਮਾਸਕ ਪਾਉਣ ਦੀ ਨਸੀਹਤ ਦੇ ਦਿੱਤੀ। ਸਕੱਤਰ ਸ੍ਰੀ ਕਾਵਲੇ ਨੇ ਪੜਤਾਲ ਕਰਨ ਮਗਰੋਂ ਖ਼ਰਾਬ ਕਣਕ ਨਾਲ ਭਰੇ ਟਰੱਕ ਵਾਪਸ ਭੇਜ ਦਿੱਤੇ।
ਉਧਰ, ਦੂਜੇ ਪਾਸੇ ਵਾਰਡ ਨੰਬਰ-26 ਤੋਂ ਕੌਂਸਲਰ ਵਿਨੋਦ ਅਗਰਵਾਲ ਨੇ ਵੀ ਆਪਣੇ ਇਲਾਕੇ ਸ਼ਾਸਤਰੀ ਨਗਰ, ਪਿਪਲੀ ਵਾਲਾ ਟਾਊਨ, ਬੈਂਕ ਕਲੋਨੀ, ਸੁਭਾਸ਼ ਨਗਰ, ਦਰਸ਼ਨੀ ਬਾਗ਼, ਇੰਦਰਾ ਕਲੋਨੀ, ਭਗਵਾਨਪੁਰਾ ਅਤੇ ਕਿਸ਼ਨਗੜ੍ਹ ਪਿੰਡ ਵਿੱਚ ਵੀ ਲਾਭਪਾਤਰੀਆਂ ਨੂੰ ਖ਼ਰਾਬ ਕਣਕ ਵੰਡਣ ਦਾ ਦੋਸ਼ ਲਗਾਇਆ। ਉਨ੍ਹਾਂ ਦੱਸਿਆ ਕਿ ਇਸ ਬਾਰੇ ਸਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿੱਥੇ ਪ੍ਰਸ਼ਾਸਨ ਵੱਲੋਂ ਖ਼ਰਾਬ ਕਣਕ ਵੰਡਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ, ਉੱਥੇ ਕਈਂ ਲਾਭਪਾਤਰੀਆਂ ਨੂੰ ਕਣਕ ਮਿਲ ਹੀ ਨਹੀਂ ਰਹੀ। ਉਨ੍ਹਾਂ ਮੰਗ ਕੀਤੀ ਕਿ ਖਾਣ ਯੋਗ ਕਣਕ ਸਪਲਾਈ ਕੀਤੀ ਜਾਵੇ।