ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 16 ਜੁਲਾਈ
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਹਰਿਆਲੀ ਵਿੱਚ ਮਹੱਤਪੂਰਨ ਯੋਗਦਾਨ ਪਾਉਣ ਵਾਲੇ ਇੱਥੋਂ ਦੇ ਦਰੱਖਤਾਂ ਨੂੰ ਲਗਦਾ ਨਜ਼ਰ ਲੱਗ ਗਈ ਹੈ। ਚੰਡੀਗੜ੍ਹ ਸ਼ਹਿਰ ਵਿੱਚ ਦਰੱਖਤਾਂ ਦਾ ਡਿੱਗਣਾ ਜਾਰੀ ਹੈ। ਸ਼ਹਿਰ ਦੇ ਹਰੇ-ਭਰੇ ਦਰੱਖਤ ਇੱਥੋਂ ਦੇ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ। ਅੱਜ ਫਿਰ ਇੱਥੋਂ ਦੇ ਸੈਕਟਰ-40 ਬੀ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਦਰੱਖਤ ਡਿੱਗ ਗਿਆ। ਦਰੱਖਤ ਦੇ ਵਿਚਾਲੇ ਤੋਂ ਟੁੱਟੇ ਟਾਹਣੇ ਨਾਲ ਹੇਠਾਂ ਖੜ੍ਹੀ ਕਾਰ ਨੁਕਸਾਨੀ ਗਈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਪਿਛਲੇ ਇੱਕ ਹਫਤੇ ਤੋਂ ਕਿਸੇ ਨਾ ਕਿਸੇ ਇਲਾਕੇ ਵਿੱਚ ਦਰੱਖਤ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਪਿਛਲੇ ਦਿਨੀਂ ਇੱਥੋਂ ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਇਕ ਢਾਈ ਸੌ ਸਾਲ ਪੁਰਾਣੇ ਵਿਰਾਸਤੀ ਦਰੱਖਤ ਡਿੱਗਣ ਨਾਲ ਬੈਠੀਆਂ ਵਿਦਿਆਰਥਣਾਂ ਅਤੇ ਇੱਕ ਅਟੈਂਡੈਂਟ ਜ਼ਖ਼ਮੀ ਹੋ ਗਈ ਸੀ। ਇਸ ਹਾਦਸੇ ਦੌਰਾਨ ਦਸਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਹੋ ਗਈ ਸੀ। ਅਟੈਂਡੈਂਟ ਅੱਜ ਵੀ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ। ਇਸ ਸਕੂਲ ਵਿੱਚ ਡਿੱਗੇ ਇਸ ਵਿਰਾਸਤੀ ਦਰੱਖਤ ਨੂੰ ਕਰੇਨ ਦੀ ਮਦਦ ਨਾਲ ਜੜ੍ਹਾਂ ਤੋਂ ਸਾਫ਼ ਕਰ ਦਿੱਤਾ ਗਿਆ ਹੈ। ਭਾਵੇਂ ਪ੍ਰਸ਼ਾਸਨ ਵੱਲੋਂ ਇਸ ਹਾਦਸੇ ਤੋਂ ਬਾਅਦ ਸ਼ਹਿਰ ਵਿੱਚ ਲੱਗੇ ਕਮਜ਼ੋਰ ਦਰੱਖਤਾਂ ਦਾ ਸਰਵੇ ਕਰ ਕੇ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ, ਪਰ ਹਰੇ ਦਰੱਖਤਾਂ ਦੇ ਅਚਾਨਕ ਡਿੱਗਣ ਦੀਆਂ ਘਟਨਾਵਾਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ।
ਹੀਰਾਕਸ਼ੀ ਦੇ ਪਰਿਵਾਰ ਨੇ ਇਨਸਾਫ ਮੰਗਿਆ
ਚੰਡੀਗੜ੍ਹ: ਕਾਰਮਲ ਕਾਨਵੈਂਟ ਸਕੂਲ ਵਿਚ ਹਾਦਸਾ ਵਾਪਰਨ ਤੋਂ ਬਾਅਦ ਅੱਜ ਪੀੜਤ ਪਰਿਵਾਰ ਦੇ ਮੈਂਬਰ ਸਕੂਲ ਵਿਚ ਮੋਮਬੱਤੀਆਂ ਜਗਾਉਣ ਆਏ। ਇਸ ਮੌਕੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਇਸ ਹਾਦਸੇ ਦੀ ਕੋਈ ਵੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ। ਹੀਰਾਕਸ਼ੀ ਦੇ ਮਾਪੇ ਇਸ ਮੌਕੇ ਚੁੱਪ ਸਨ ਪਰ ਉਸ ਦੇ ਮਾਮੇ ਨੇ ਦੋਸ਼ ਲਾਇਆ ਕਿ ਇਹ ਹਾਦਸਾ ਨਹੀਂ ਬਲਕਿ ਮਰਡਰ ਹੈ। ਪ੍ਰਸ਼ਾਸਨ ਨੂੰ ਪਤਾ ਸੀ ਕਿ ਦਰੱਖਤ ਆਪਣੀ ਮਿਆਦ ਪੁਗਾ ਚੁੱਕਿਆ ਹੈ ਪਰ ਪ੍ਰਸ਼ਾਸਨ ਨੇ ਨਾ ਹੀ ਘੁਣ ਦਾ ਇਲਾਜ ਕੀਤਾ ਤੇ ਨਾ ਹੀ ਦਰੱਖਤ ਨੂੰ ਛਾਂਗਣ ਦਾ ਕੰਮ ਕੀਤਾ। ਦੂਜੇ ਪਾਸੇ ਸਕੂਲ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਦਰੱਖ਼ਤ ਨੂੰ ਵੱਢਣ ਲਈ ਬਾਗਬਾਨੀ ਵਿਭਾਗ ਨੂੰ ਲਿਖਿਆ ਸੀ ਪਰ ਵਿਭਾਗ ਨੇ ਜਵਾਬ ਦਿੱਤਾ ਕਿ ਇਸ ਦਰਖਾਸਤ ’ਤੇ ਕਾਰਵਾਈ ਚੱਲ ਰਹੀ ਹੈ। ਬਾਗਬਾਨੀ ਵਿਭਾਗ ਕਹਿੰਦਾ ਹੈ ਕਿ ਦਰੱਖਤ ਸਾਡੇ ਬੱਚਿਆਂ ਵਾਂਗ ਹਨ ਪਰ ਇਸੀ ਦਰੱਖਤ ਕਾਰਨ ਸਾਡੀ ਬੱਚੀ ਦੀ ਜਾਨ ਚਲੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਬੱਚਿਆਂ ਦੀ ਰੋਟੀ ਖਾਣ ਲਈ ਬਾਹਰ ਸ਼ੈਡ ਦਾ ਪ੍ਰਬੰਧ ਨਹੀਂ ਕਰ ਸਕਿਆ। ਹਿਰਾਕਸ਼ੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਉਨ੍ਹਾਂ ਮੰਗ ਕੀਤੀ ਕਿ ਹੀਰਾਕਸ਼ੀ ਦੀ ਯਾਦ ’ਚ ਭਵਨ ਦੀ ਉਸਾਰੀ ਕਰਵਾਈ ਜਾਵੇ। -ਟਨਸ