ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਜੁਲਾਈ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ-20 ਵਿੱਚ ਅੱਜ ਦਰੱਖ਼ਤ ਦਾ ਵੱਡਾ ਟਹਿਣਾ ਡਿੱਗ ਗਿਆ ਜਿਸ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਇਹ ਸ਼ਹਿਰ ਦੇ ਸਕੂਲਾਂ ਵਿੱਚ ਦਰੱਖਤ ਡਿੱਗਣ ਦੀ ਤੀਜੀ ਘਟਨਾ ਹੈ। ਦੱਸਣਯੋਗ ਹੈ ਕਿ ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਵਿੱਚ ਵਿਰਾਸਤੀ ਦਰੱਖ਼ਤ ਡਿੱਗਣ ਕਾਰਨ ਦਸਵੀਂ ਦੀ ਵਿਦਿਆਰਥਣ ਦੀ ਮੌਤ ਹੋ ਗਈ ਸੀ ਤੇ 18 ਵਿਦਿਆਰਥੀ ਜ਼ਖ਼ਮੀ ਹੋ ਗਏ ਸਨ। ਇਸ ਤੋਂ ਇਲਾਵਾ ਆਯੂਸ਼ ਦੇ ਹੈਲਥ ਐਂਡ ਵੈਲਨੈਸ ਸੈਂਟਰ ਸੈਕਟਰ-47 ਵਿੱਚ ਸਵੇਰੇ ਦਰੱਖਤ ਡਿੱਗ ਗਿਆ। ਇਹ 35 ਫੁੱਟ ਉੱਚਾ ਦਰੱਖਤ ਡਿੱਗਣ ਕਾਰਨ ਸੈਰ ਕਰ ਰਹੇ ਲੋਕ ਸਹਿਮ ਗਏ, ਇਸ ਥਾਂ ਦੇ ਨਜ਼ਦੀਕ ਹੀ ਲੋਕ ਰੋਜ਼ਾਨਾ ਯੋਗਾ ਵੀ ਕਰਦੇ ਹਨ। ਪਤਾ ਲੱਗਾ ਹੈ ਕਿ ਤੜਕੇ ਮੀਂਹ ਪੈਣ ਕਾਰਨ ਜ਼ਿਆਦਾਤਰ ਲੋਕ ਇੱਥੇ ਯੋਗਾ ਕਰਨ ਨਹੀਂ ਆਏ ਕਿਉਂਕਿ ਥਾਂ ਗਿੱਲੀ ਸੀ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ-20 ਵਿੱਚ ਅੱਜ ਸਵੇਰੇ ਸਵਾ ਗਿਆਰਾਂ ਵਜੇ ਦਰੱਖ਼ਤ ਦਾ ਟਾਹਣਾ ਉਸ ਵੇਲੇ ਡਿੱਗਿਆ ਜਦੋਂ ਜਮਾਤਾਂ ਚੱਲ ਰਹੀਆਂ ਸਨ। ਇਹ ਟਾਹਣਾ ਸਕੂਲ ਦੇ ਅੰਦਰ ਤਾਰਾਂ ’ਤੇ ਡਿੱਗਿਆ। ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਲਾਈਟ ਵੀ ਚਲੀ ਗਈ ਤੇ ਵਿਦਿਆਰਥੀ ਤੇ ਸਟਾਫ ਬਾਹਰ ਆ ਗਏ। ਸਕੂਲ ਵੱਲੋਂ ਇਸ ਘਟਨਾ ਦੀ ਜਾਣਕਾਰੀ ਤੁਰੰਤ ਬਾਗ਼ਬਾਨੀ ਤੇ ਬਿਜਲੀ ਵਿਭਾਗ ਨੂੰ ਦਿੱਤੀ ਗਈ। ਬਾਗ਼ਬਾਨੀ ਵਿਭਾਗ ਦੇ ਮੁਲਾਜ਼ਮਾਂ ਨੇ ਆ ਕੇ ਦਰੱਖਤ ਦੇ ਡਿੱਗੇ ਹਿੱਸੇ ਨੂੰ ਹਟਾਇਆ। ਇਸ ਮੌਕੇ ਬਿਜਲੀ ਵਿਭਾਗ ਨੇ ਸੈਕਟਰ ਦੀ ਬਿਜਲੀ ਬੰਦ ਕਰ ਕੇ ਤਾਰਾਂ ਸਮੇਟੀਆਂ। ਸਕੂਲ ਦੇ ਅਧਿਕਾਰੀਆਂ ਅਨੁਸਾਰ ਜਦੋਂ ਦਰੱਖਤ ਦਾ ਟਾਹਣਾ ਡਿੱਗਿਆ ਤਾਂ ਉਸ ਵੇਲੇ ਸਕੂਲ ਵਿੱਚ ਦੋ ਹਜ਼ਾਰ ਦੇ ਕਰੀਬ ਵਿਦਿਆਰਥੀ ਤੇ ਸਟਾਫ਼ ਮੌਜੂਦ ਸੀ। ਘਟਨਾ ਤੋਂ ਬਾਅਦ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤੇ ਵਿਦਿਆਰਥਣਾਂ ਦੀ ਸੁਰੱਖਿਆ ’ਤੇ ਜ਼ੋਰ ਦਿੱਤਾ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਘਟਨਾ ਤੋਂ ਬਾਅਦ ਸਾਰੇ ਵਿਦਿਆਰਥੀ ਸੁਰੱਖਿਅਤ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ ਅੱਜ ਦੁਪਹਿਰ ਸਕੂਲ ਮੁਖੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਕਰ ਕੇ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਕੇਬੀਡੀਏਵੀ ਸਕੂਲ ਦੇ ਬਾਹਰ ਦਰੱਖਤ ਡਿੱਗਣ ਦਾ ਖ਼ਤਰਾ
ਇੱਥੋਂ ਦੇ ਕੇਬੀਡੀਏਵੀ ਸਕੂਲ ਸੈਕਟਰ-7 ਦੇ ਬਾਹਰ ਵੱਡਾ ਦਰੱਖਤ ਹੈ ਜਿਸ ਨੂੰ ਘੁਣ ਲੱਗਿਆ ਹੋਇਆ ਹੈ। ਇੱਥੋਂ ਵੱਡੀ ਗਿਣਤੀ ਵਿਦਿਆਰਥੀ ਲੰਘਦੇ ਹਨ। ਸਕੂਲ ਸਟਾਫ਼ ਨੇ ਦੱਸਿਆ ਕਿ ਇਸ ਦਰੱਖਤ ਦੀ ਹਾਲਤ ਕਾਫ਼ੀ ਮਾੜੀ ਹੈ ਤੇ ਇਹ ਕਿਸੇ ਵੇਲੇ ਵੀ ਡਿੱਗ ਸਕਦਾ ਹੈ।