ਮੁਕੇਸ਼ ਕੁਮਾਰ
ਚੰਡੀਗੜ੍ਹ, 19 ਜੁਲਾਈ
‘ਸਿਟੀ ਬਿਊਟੀਫੁੱਲ’ ਚੰਡੀਗੜ੍ਹ ਦੀ ਖੂਬਸੂਰਤੀ ’ਚ ਅਹਿਮ ਯੋਗਦਾਨ ਪਾਉਣ ਵਾਲੇ ਇੱਥੋਂ ਦੇ ਹਰੇ-ਭਰੇ ਦਰੱਖਤ ਸ਼ਹਿਰ ਵਾਸੀਆਂ ਲਈ ਖਤਰਾ ਬਣੇ ਹੋਏ ਹਨ। ਸ਼ਹਿਰ ਵਿੱਚ ਰੋਜ਼ਾਨਾ ਹੀ ਕਿਸੇ ਨਾ ਕਿਸੇ ਇਲਾਕੇ ਵਿੱਚ ਦਰੱਖਤ ਡਿੱਗਣ ਦੀਆਂ ਘਟਨਾਵਾਂ ਵਾਪਰਨ ਕਾਰਨ ਸ਼ਹਿਰ ਵਾਸੀ ਡਰੇ ਹੋਏ ਹਨ। ਅੱਜ ਸ਼ਹਿਰ ’ਚ ਦੋ ਥਾਵਾਂ ’ਤੇ ਦਰੱਖਤ ਡਿੱਗਣ ਦੀ ਖ਼ਬਰ ਹੈ।
ਦਰੱਖਤ ਡਿੱਗਣ ਦੀ ਪਹਿਲੀ ਘਟਨਾ ਵਿੱਚ ਅੱਜ ਸਵੇਰੇ 8 ਵਜੇ ਦੇ ਕਰੀਬ ਇੱਥੋਂ ਦੇ ਸੈਕਟਰ 24/25/37/38 ਦੇ ਚੌਕ ਨੇੜੇ ਸੈਕਟਰ-37 ਵਾਲੇ ਪਾਸੇ ਦੀ ਸੜਕ ’ਤੇ ਵਾਪਰੀ ਜਿੱਥੇ ਇੱਕ ਦਰੱਖਤ ਦਾ ਟਾਹਣਾ ਟੁੱਟ ਕੇ ਚੱਲਦੀ ਕਾਰ ’ਤੇ ਡਿੱਗ ਪਿਆ। ਕਾਰ ਚਾਲਕ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਕਿ ਰਸਤੇ ਵਿੱਚ ਇੱਕ ਦਰੱਖਤ ਦਾ ਟਾਹਣਾ ਟੁੱਟ ਕੇ ਉਸ ਦੀ ਕਾਰ ’ਤੇ ਡਿੱਗ ਗਿਆ। ਇਸ ਘਟਨਾ ਵਿੱਚ ਕਾਰ ਚਾਲਕ ਤੇ ਉਸ ਦੇ ਬੱਚਿਆਂ ਦਾ ਬਚਾਅ ਹੋ ਗਿਆ, ਪਰ ਕਾਰ ਬੋਨਟ ਅਤੇ ਹੈੱਡਲਾਈਟ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਅਚਾਨਕ ਦਰੱਖਤ ਦਾ ਇੱਕ ਵੱਡਾ ਟਾਹਣਾ ਚਲਦੀ ਕਾਰ ਉਤੇ ਡਿੱਗਣ ਕਾਰਨ ਕਾਰ ਵਿੱਚ ਬੈਠੇ ਬੱਚੇ ਡਰ ਗਏ। ਕਾਰ ਚਾਲਕ ਸੌਰਭ ਕਾਂਸਲ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਬੱਚਿਆਂ ਨੂੰ ਕਾਰ ਵਿੱਚ ਸਕੂਲ ਛੱਡਣ ਜਾ ਰਿਹਾ ਸੀ। ਉਸ ਦੀ ਕਾਰ ਇੱਥੋਂ ਦੇ ਸੈਕਟਰ 24/25/37/38 ਦੇ ਚੌਕ ਨੇੜੇ ਪੁੱਜੀ ਤਾਂ ਸੈਕਟਰ-37 ਪਾਸੇ ਦੀ ਸੜਕ ’ਤੇ ਇੱਕ ਦਰੱਖਤ ਦੀ ਟਾਹਣਾ ਅਚਾਨਕ ਟੁੱਟ ਕੇ ਉਸ ਦੀ ਕਾਰ ਦੇ ਬੋਨਟ ’ਤੇ ਜਾ ਡਿੱਗਾ। ਇਸ ਘਟਨਾ ਕਾਰਨ ਬੱਚੇ ਬੁਰੀ ਤਰ੍ਹਾਂ ਸਹਿਮ ਗਏ ਅਤੇ ਕਾਰ ਵੀ ਨੁਕਸਾਨੀ ਗਈ। ਸੌਰਭ ਕਾਂਸਲ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਨਿੱਤ ਦਿਨ ਦਰੱਖਤ ਡਿੱਗਣ ਦੀਆਂ ਘਟਨਾਵਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੇ ਅਜਿਹੇ ਹਾਦਸਿਆਂ ਕਾਰਨ ਸ਼ਹਿਰ ਵਾਸੀ ਬੁਰੀ ਤਰ੍ਹਾਂ ਨਾਲ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਰੁੱਖਾਂ ਦੀ ਸਹੀ ਨਿਗਰਾਨੀ ਹੋਣੀ ਚਾਹੀਦੀ ਹੈ। ਦੂਜੇ ਪਾਸੇ ਅੱਜ ਸੈਕਟਰ 22 ਵਿੱਚ ਵੀ ਇੱਕ ਦਰੱਖਤ ਡਿੱਗਣ ਦੀ ਸੂਚਨਾ ਹੈ। ਦਰੱਖਤ ਡਿੱਗਣ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ’ਚ ਕਈ ਥਾਵਾਂ ’ਤੇ ਦਰੱਖਤ ਡਿੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸੇ ਮਹੀਨੇ 8 ਜੁਲਾਈ ਨੂੰ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਇੱਕ ਵਿਰਾਸਤੀ ਦਰੱਖਤ ਡਿੱਗਣ ਨਾਲ ਵੱਡਾ ਦਰਦਨਾਕ ਹਾਦਸਾ ਵਾਪਰਿਆ ਸੀ। ਇਸ ਹਾਦਸੇ ’ਚ ਸਕੂਲ ਦੀ ਵਿਦਿਆਰਥਣ ਹੀਰਾਕਸ਼ੀ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਸਕੂਲ ਦੀ ਇੱਕ ਸੇਵਾਦਾਰ ਸਮੇਤ ਕਈ ਬੱਚੇ ਗੰਭੀਰ ਜ਼ਖਮੀ ਹੋ ਗਏ।
ਜਸਟਿਸ ਚੌਹਾਨ ਵੱਲੋਂ ਕਾਰਮਲ ਕਾਨਵੈਂਟ ਸਕੂਲ ਦਾ ਦੌਰਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇਥੋਂ ਦੇ ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਵਿਚ ਦਰੱਖਤ ਡਿੱਗਣ ਦੀ ਘਟਨਾ ਜਿਸ ਵਿਚ ਇਕ ਵਿਦਿਆਰਥਣ ਦੀ ਮੌਤ ਹੋਈ ਸੀ, ਸਬੰਧੀ ਜਾਂਚ ਲਈ ਜਸਟਿਸ ਸੇਵਾਮੁਕਤ ਜਤਿੰਦਰ ਚੌਹਾਨ ਸਕੂਲ ਪੁੱਜੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਬਾਗਬਾਨੀ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਜੰਗਲਾਤ ਖੋਜ ਸੰਸਥਾ, ਦੇਹਰਾਦੂਨ ਦੀ ਟੀਮ ਵੀ ਚੰਡੀਗੜ੍ਹ ਪੁੱਜੀ ਤੇ ਉਨ੍ਹਾਂ ਜਸਟਿਸ ਚੌਹਾਨ ਨਾਲ ਮੁਲਾਕਾਤ ਕੀਤੀ। ਸਕੂਲ ਦੇ ਦੌਰੇ ਮੌਕੇ ਇਹ ਟੀਮ ਵੀ ਜਸਟਿਸ ਚੌਹਾਨ ਨਾਲ ਮੌਜੂਦ ਸੀ। ਉਨ੍ਹਾਂ ਸਕੂਲ ਮੈਨੇਜਮੈਂਟ ਤੇ ਅਧਿਆਪਕਾਂ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਟੀਮ ਨੇ ਸੁੱਕ ਰਹੇ ਦਰੱਖਤਾਂ ਦੀ ਪੜਤਾਲ ਕਰਵਾਉਣ ਦਾ ਫੈਸਲਾ ਕੀਤਾ। ਉਨ੍ਹਾਂ ਆਮ ਲੋਕਾਂ ਤੋਂ ਵੀ ਦਰੱਖਤਾਂ ਦੀ ਸੰਭਾਲ ਲਈ ਸੁਝਾਅ ਮੰਗੇ ਹਨ ਜਿਸ ਲਈ ਲੋਕ ਫੋਨ ਨੰਬਰ 0172-2741142 ’ਤੇ ਸੰਪਰਕ ਕਰ ਸਕਦੇ ਹਨ।