ਹਰਜੀਤ ਸਿੰਘ
ਡੇਰਾਬੱਸੀ, 10 ਜਨਵਰੀ
ਮੁਹਾਲੀ ਤੋਂ ਉੱਤਰ ਪ੍ਰਦੇਸ਼ ਜਾ ਰਹੇ 30 ਦੇ ਕਰੀਬ ਪਰਵਾਸੀਆਂ ਦੀ ਗੱਡੀ ਪਿੰਡ ਜਨੇਤਪੁਰ ਰੇਲਵੇ ਅੰਡਰਪਾਥ ਦੇ ਪਾਣੀ ਵਿੱਚ ਫਸ ਗਈ। ਗੱਡੀ ਵਿੱਚ ਸਵਾਰ ਲੋਕਾਂ ਵੱਲੋਂ ਚੀਕ-ਚਿਹਾੜਾ ਪਾਉਣ ਮਗਰੋਂ ਪਿੰਡ ਦੇ ਸਾਬਕਾ ਸਰਪੰਚ ਸਣੇ ਹੋਰਨਾਂ ਪਿੰਡ ਵਾਸੀਆਂ ਨੇ ਕਾਫੀ ਮੁਸ਼ੱਕਤ ਮਗਰੋਂ ਅੰਡਰਪਾਥ ਦੇ ਪਾਣੀ ਵਿੱਚ ਫਸੀ ਪਰਵਾਸੀ ਵਿਅਕਤੀਆਂ ਦੀ ਗੱਡੀ ਪਾਣੀ ਵਿੱਚੋਂ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ। ਪਿੰਡ ਵਾਸੀਆਂ ਵੱਲੋਂ ਪਰਵਾਸੀ ਪਰਿਵਾਰਾਂ ਦੀ ਜ਼ਿੰਦਗੀ ਬਚਾਉਣ ਮਗਰੋਂ ਉਨ੍ਹਾਂ ਨੂੰ ਚਾਹ ਪਾਣੀ ਪਿਲਾਉਣ ਮਗਰੋਂ ਅੱਗੇ ਸਫਰ ਲਈ ਰਵਾਨਾ ਕੀਤਾ।
ਜਾਣਕਾਰੀ ਅਨੁਸਾਰ ਇੱਥੋਂ ਦੇ ਪਿੰਡ ਜਨੇਤਪੁਰ ਵਿੱਚ ਰੇਲਵੇ ਵਿਭਾਗ ਵੱਲੋਂ ਫਾਟਕ ਨੂੰ ਖ਼ਤਮ ਕਰਕੇ ਅੰਡਰਪਾਥ ਦੀ ਉਸਾਰੀ ਕੀਤੀ ਗਈ ਸੀ ਜੋ ਸ਼ੁਰੂ ਤੋਂ ਹੀ ਲੋਕਾਂ ਲਈ ਜਾਨ ਦਾ ਖੋਅ ਬਣਿਆ ਹੋਇਆ ਹੈ। ਇਸ ਅੰਡਰਪਾਥ ਵਿੱਚ ਮੀਂਹ ਦੇ ਦਿਨਾਂ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਪਾਣੀ ਭਰ ਜਾਂਦਾ ਹੈ। ਇਹ ਅੰਡਰਪਾਥ ਥੋੜ੍ਹਾ ਜਿਹਾ ਮੀਂਹ ਪੈਣ ’ਤੇ ਛੱਪੜ ਦਾ ਰੂਪ ਧਾਰ ਲੈਂਦਾ ਹੈ ਜਿੱਥੋਂ ਲੰਘਦੇ ਹੋਏ ਪਹਿਲਾਂ ਵੀ ਇਕ ਟਰੈਕਟਰ-ਟਰਾਲੀ ਚਾਲਕ ਕਿਸਾਨ ਦੀ ਮੌਤ ਹੋ ਚੁੱਕੀ ਹੈ। ਲੰਘੀ ਰਾਤ ਮੁਹਾਲੀ ਤੋਂ ਇਕ ਕੈਂਟਰ ਵਿੱਚ ਸਵਾਰ ਹੋ ਕੇ ਪਰਵਾਸੀ ਪਰਿਵਾਰ ਉੱਤਰ ਪ੍ਰਦੇਸ਼ ਵੱਲ ਜਾ ਰਹੇ ਸਨ ਜਿਸ ਵਿੱਚ ਔਰਤਾਂ, ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਸਨ। ਚਾਲਕ ਰਾਤ ਨੂੰ ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਚੜ੍ਹਨ ਲਈ ਪਿੰਡ ਜਨੇਤਪੁਰ ਰੇਲਵੇ ਅੰਡਰਪਾਥ ਵਿੱਚੋਂ ਗੱਡੀ ਕੱਢਣ ਲੱਗਿਆ ਤਾਂ ਹਨੇਰਾ ਹੋਣ ਕਾਰਨ ਉਸ ਨੂੰ ਪਤਾ ਨਹੀਂ ਲੱਗਿਆ ਕਿ ਅੰਡਰਪਾਥ ਵਿੱਚ ਪਾਣੀ ਭਰਿਆ ਹੋਇਆ ਹੈ। ਇਸ ਕਾਰਨ ਉਸ ਦੀ ਗੱਡੀ ਪਾਣੀ ਵਿੱਚ ਫਸ ਗਈ ਅਤੇ ਬੱਚਿਆਂ ਅਤੇ ਹੋਰਨਾਂ ਲੋਕਾਂ ਨੇ ਚੀਕ-ਚਿਹਾੜਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਆਵਾਜ਼ ਸੁਣ ਕੇ ਪਿੰਡ ਦਾ ਸਾਬਕਾ ਸਰਪੰਚ ਬਲਬੀਰ ਸਿੰਘ ਬੱਲਾ ਸਣੇ ਵੱਡੀ ਗਿਣਤੀ ਪਿੰਡ ਵਾਸੀ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਨੇ ਪਰਵਾਸੀਆਂ ਨੂੰ ਬਾਹਰ ਕੱਢਿਆ। ਪਿੰਡ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਅੰਡਰਪਾਥ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪੱਕੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।