ਮੁਕੇਸ਼ ਕੁਮਾਰ
ਚੰਡੀਗੜ੍ਹ, 23 ਸਤੰਬਰ
ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਅੱਜ ਤੜਕੇ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਸ਼ਹਿਰ ਦਾ ਤਾਪਮਾਨ ਘਟਿਆ ਹੈ ਉੱਥੇ ਸਾਰਾ ਸ਼ਹਿਰ ਪਾਣੀ-ਪਾਣੀ ਹੋ ਗਿਆ ਅਤੇ ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਤੋਂ ਪੈ ਰਹੇ ਮੀਂਹ ਨਾਲ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਰ ਕੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਿੱਚ ਜ਼ਿਆਦਾਤਰ ਰੋਡ-ਗਲੀਆਂ ਬੰਦ ਹੋਣ ਕਰ ਕੇ ਮਾਰਕੀਟਾਂ ਦੀਆਂ ਪਾਰਕਿੰਗਾਂ ਸਣੇ ਹੋਰ ਜਨਤਕ ਥਾਵਾਂ ’ਤੇ ਵੀ ਪਾਣੀ ਭਰਿਆ ਰਿਹਾ।
ਸ਼ਹਿਰ ਦੇ ਸੈਕਟਰ-34 ਸਬ ਸਿਟੀ ਸੈਂਟਰ ਸਮੇਤ ਸ਼ਹਿਰ ਦੇ ਹੋਰਨਾਂ ਸੈਕਟਰਾਂ 17, 22, 28, 35 (ਅੰਦਰਲੀ ਮਾਰਕੀਟ), ਸੈਕਟਰ 44, ਅੰਤਰ-ਰਾਜੀ ਬੱਸ ਟਰਮੀਨਸ ਸੈਕਟਰ 43, ਟ੍ਰਿਬਿਊਨ ਚੌਕ, ਸਨਅਤੀ ਖੇਤਰ ਫੇਜ਼-1 ਸਥਿਤ ਅੰਡਰ ਪਾਸ, ਹੱਲੋਮਾਜਰਾ, ਪਿੰਡ ਪਲਸੌਰਾ, ਕਝੇਹੜੀ, ਮੌਲੀ ਜੱਗਰਾਂ, ਮਨੀ ਮਾਜਰਾ ਐੱਨਏਸੀ ਮਾਰਕੀਟ ਤੇ ਮੋਟਰ ਮਾਰਕੀਟ ਅਤੇ ਪਿੰਡ ਬੁੜੈਲ ਦੀ ਸਰਕੁਲਰ ਰੋਡ ’ਤੇ ਪਾਣੀ ਭਰਨ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਸ ਦੌਰਾਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪਿਆ। ਮੀਂਹ ਕਾਰਨ ਸੜਕਾਂ ’ਤੇ ਜਮਾ ਹੋਏ ਪਾਣੀ ਕਾਰਨ ਵਾਹਨਾਂ ਦੀ ਰਫਤਾਰ ਰੁਕ ਗਈ ਅਤੇ ਜਾਮ ਲੱਗਣ ਕਾਰਨ ਸ਼ਹਿਰ ਦੇ ਕਈ ਚੌਕਾਂ ਵਿਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵੀ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੈਕਟਰ 45 ਦੀ ਨਿਊ ਏਕਤਾ ਮਾਰਕੀਟ ਸ਼ਾਪਕੀਪਰਸ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਕਪਿਲਾ ਨੇ ਕਿਹਾ ਕਿ ਮੀਂਹ ਦੌਰਾਨ ਪਿੰਡ ਬੁੜੈਲ ਦੀ ਸਰਕੁਲਰ ਰੋਡ ’ਤੇ ਸਥਿਤ ਮਾਰਕੀਟ ਦੇ ਦੁਕਾਨਦਾਰਾਂ ਨੂੰ ਸਭ ਤੋਂ ਵੱਧ ਮੁਸ਼ਕਿਲ ਪੇਸ਼ ਆਉਂਦੀ ਹੈ। ਸਰਕੁਲਰ ਰੋਡ ’ਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬਣਾਈਆਂ ਗਈਆਂ ਰੋਡ ਗਲੀਆਂ ਅਕਸਰ ਬੰਦ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਨਗਰ ਨਿਗਮ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ।
ਇਸੇ ਤਰ੍ਹਾਂ ਪਿੰਡ ਮੌਲੀ ਜੱਗਰਾਂ ਦੇ ਵਸਨੀਕ ਕਮਲ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਨਾਲ ਜਾ ਰਹੇ ਬਰਸਾਤੀ ਨਾਲੇ ਦਾ ਪਾਣੀ ਮੀਂਹ ਪੈਣ ’ਤੇ ਪਿੰਡ ਦੇ ਘਰਾਂ ਵਿੱਚ ਵੜ ਜਾਂਦਾ ਹੈ। ਪਿੰਡ ਹੱਲੋ ਮਾਜਰਾ ਵਾਸੀ ਬਲਦੇਵ ਸਿੰਘ ਨੇ ਦੱਸਿਆ ਕਿ ਮੀਂਹ ਪੈਣ ’ਤੇ ਪਿੰਡ ਦੀਆਂ ਗਲੀਆਂ ਵਿੱਚ ਚਿੱਕੜ ਹੀ ਚਿੱਕੜ ਹੋ ਜਾਂਦਾ ਹੈ, ਜਿਸ ਕਾਰਨ ਇੱਥੋਂ ਦੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈਂਦਾ ਹੈ।
ਜ਼ੀਰਕਪੁਰ ’ਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਰਨ ਲੰਬੇ ਜਾਮ
ਜ਼ੀਰਕਪੁਰ (ਹਰਜੀਤ ਸਿੰਘ): ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਨਿਕਾਸੀ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਵਿਚ ਥਾਂ-ਥਾਂ ਪਾਣੀ ਭਰ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਬਲਟਾਣਾ ਖੇਤਰ ਨੂੰ ਹਰ ਵਾਰ ਬਰਸਾਤੀ ਪਾਣੀ ਦੀ ਸਭ ਤੋਂ ਵੱਧ ਮਾਰ ਝੱਲਣੀ ਪੈਂਦੀ ਹੈ। ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਨੇ ਹਰੇਕ ਵਾਰ ਦੀ ਤਰ੍ਹਾਂ ਛੱਪੜ ਦਾ ਰੂਪ ਧਾਰ ਲਿਆ, ਜਿਸ ਕਾਰਨ ਆਵਾਜਾਈ ਵਿੱਚ ਅੜਿੱਕਾ ਪੈਣਾ ਸ਼ੁਰੂ ਹੋ ਗਿਆ। ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਸ਼ੁਰੂ ਤੋਂ ਹੀ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੁਦਰਤੀ ਨਾਲੇ ਤੇ ਚੋਆਂ ’ਤੇ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਬਿਲਡਰਾਂ ਅਤੇ ਕਾਲੋਨਾਈਜ਼ਰਾਂ ਵੱਲੋਂ ਨਾਜਾਇਜ਼ ਕਬਜ਼ੇ ਕਰ ਕੇ ਜਾਂ ਤਾਂ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਾਂ ਇਨ੍ਹਾਂ ਦੇ ਕੁਦਰਤੀ ਰੁਖ਼ ਮੋੜ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੌਂਸਲ ਵੱਲੋਂ ਸ਼ਹਿਰ ਦੀ ਵੱਸੋਂ ਦੇ ਹਿਸਾਬ ਨਾਲ ਇੱਥੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਹੀਂ ਕੀਤੇ। ਸਿੱਟੇ ਵਜੋਂ ਮੀਂਹ ਦੇ ਪਾਣੀ ਨੂੰ ਨਿਕਾਸੀ ਨਹੀਂ ਮਿਲਦੀ ਅਤੇ ਇਹ ਪਾਣੀ ਸੜਕਾਂ ਅਤੇ ਗਲੀਆਂ ’ਤੇ ਵਗਣ ਲੱਗਦਾ ਹੈ। ਕੌਂਸਲ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਹਨ ਉਹ ਨਾਕਾਫੀ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਪੰਚਕੂਲਾ ਦੇ ਕੁਝ ਖੇਤਰਾਂ ਦਾ ਪਾਣੀ ਵੀ ਇਸ ਪਾਸੇ ਨੂੰ ਆਉਂਦਾ ਹੈ। ਬਲਟਾਣਾ ਤੋਂ ਇਲਾਵਾ ਲੋਹਗੜ੍ਹ ਅਤੇ ਢਕੋਲੀ ਦੇ ਕੁਝ ਹਿੱਸਿਆਂ ਵਿੱਚ ਵੀ ਲੋਕਾਂ ਨੂੰ ਮੀਂਹ ਦੇ ਪਾਣੀ ਕਾਰਨ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਪਾਣੀ ਦੀ ਨੂੰ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੇ ਕੁਝ ਖੇਤਰਾਂ ਦਾ ਪਾਣੀ ਇਥੋਂ ਲੰਘ ਰਹੀ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ, ਪੰਚਕੂਲਾ ਅਤੇ ਪਟਿਆਲਾ ਸੜਕ ’ਤੇ ਉਤਰ ਆਉਂਦਾ ਹੈ ਜਿਸ ਕਾਰਨ ਸਭ ਤੋਂ ਜ਼ਿਆਦਾ ਮਾੜੀ ਹਾਲਤ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਬਣ ਜਾਂਦੀ ਹੈ। ਥੋੜਾ ਜਿਹਾ ਮੀਂਹ ਪੈਣ ਕਾਰਨ ਇਹ ਸੜਕ ਛੱਪੜ ਦਾ ਰੂਪ ਧਾਰ ਲੈਂਦੀ ਹੈ। ਇਸ ਸੜਕ ’ਤੇ ਪਟਿਆਲਾ ਚੌਕ ਅਤੇ ਮੈਟਰੋ ਸਟੋਰ ਦੇ ਸਾਹਮਣੇ ਕਾਫੀ ਪਾਣੀ ਇਕੱਤਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇੱਥੋਂ ਦੀ ਵੀਆਈਪੀ ਰੋਡ ’ਤੇ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਉੱਧਰ, ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਛੇਤੀ ਹੀ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ।
ਚੰਡੀਗੜ੍ਹ ’ਚ ਸਵੇਰ ਤੋਂ ਮੀਂਹ ਪੈਣ ਕਾਰਨ 8 ਡਿਗਰੀ ਪਾਰਾ ਡਿੱਗਿਆ; 31 ਮਿਮੀ ਮੀਂਹ ਦਰਜ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਤੇ ਹਰਿਆਣਾ ਸਣੇ ਚੰਡੀਗੜ੍ਹ ਵਿੱਚ ਲੰਘੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਮੀਂਹ ਕਾਰਨ ਸ਼ਹਿਰ ਦਾ ਤਾਪਮਾਨ 8 ਡਿਗਰੀ ਡਿੱਗ ਗਿਆ। ਉੱਧਰ, ਮੌਸਮ ਵਿਭਾਗ ਅਨੁਸਾਰ ਸਵੇਰ ਤੋਂ ਸ਼ਹਿਰ ਵਿਚ 31 ਮਿਲੀਮੀਟਰ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਸੀ ਜੋ ਕਿ ਆਮ ਨਾਲੋਂ 8 ਡਿਗਰੀ ਘੱਟ ਸੀ ਜਦਕਿ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੀਂਹ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮਾਂਕਾਰਾਂ ’ਤੇ ਜਾਣ ਵਿੱਚ ਦਿੱਕਤ ਪੇਸ਼ ਆਈ। ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਰ ਕੇ ਦਿਨ ਭਰ ਸ਼ਹਿਰ ਵਿੱਚ ਜਾਮ ਵਰਗੇ ਹਾਲਾਤ ਬਣੇ ਰਹੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਚੋਣ ਕਾਨੂੰਗੋ ਦੀ ਭਰਤੀ ਪ੍ਰੀਖਿਆ ਦੇਣ ਆਏ ਨੌਜਵਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।