ਸਰਬਜੀਤ ਸਿੰਘ ਭੱਟੀ
ਲਾਲੜੂ, 5 ਜੂਨ
ਇੱਥੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪੈਂਦੇ ਲਾਲੜੂ ਪੁਲੀਸ ਥਾਣੇ ਦੇ ਸਾਹਮਣੇ ਸਥਿਤ ਇਕ ਲੱਕੜ ਦੀ ਟਾਲ ਵਿੱਚ ਅੱਜ ਦੁਪਹਿਰੇ ਕਰੀਬ 1.15 ਵਜੇ ਅਚਾਨਕ ਅੱਗ ਲੱਗ ਗਈ, ਜਿਸ ਕਰ ਕੇ ਟਾਲ ਵਿੱਚ ਪਈ ਲੱਖਾਂ ਰੁਪਏ ਦੀ ਲੱਕੜ ਅਤੇ ਨਾਲ ਲੱਗਦਾ ਖੋਖਾ ਤੇ ਟੈਂਪੂ ਤੇ ਜੀਪ ਯੂਨੀਅਨ ਦਾ ਦਫ਼ਤਰ ਵੀ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਚਾਰ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਵੇਲੇ ਸੱਜਣ ਸਿੰਘ ਦੀ ਲੱਕੜ ਦੀ ਟਾਲ ਵਿੱਚ ਅਚਾਨਕ ਅੱਗ ਲੱਗ ਗਈ ਜੋ ਕਿ ਅਤਿ ਦੀ ਗਰਮੀ ਕਾਰਨ ਭਿਆਨਕ ਰੂਪ ਧਾਰਨ ਕਰ ਗਈ। ਇਸ ਅੱਗ ਕਾਰਨ ਟਾਲ ਵਿੱਚ ਪਈ ਲੱਖਾਂ ਰੁਪਏ ਦੀ ਲੱਕੜ ਸੜ ਕੇ ਸੁਆਹ ਹੋ ਗਈ। ਲੱਕੜ ਦੀ ਟਾਲ ਵਿੱਚ ਲੱਗੀ ਇਸ ਅੱਗ ਦੀ ਲਪੇਟ ਵਿੱਚ ਨਾਲ ਲੱਗਦਾ ਇਕ ਹੋਰ ਖੋਖਾ ਵੀ ਆ ਗਿਆ ਤੇ ਬੁਰੀ ਤਰ੍ਹਾਂ ਸੜ ਗਿਆ। ਇਸ ਤੋਂ ਇਲਾਵਾ ਟੈਂਪੂ ਤੇ ਜੀਪ ਯੂਨੀਅਨ ਦੇ ਦਫ਼ਤਰ ਨੂੰ ਵੀ ਅੱਗ ਨੇ ਲਪੇਟ ਵਿੱਚ ਲੈ ਲਿਆ। ਸਥਾਨਕ ਪੁਲੀਸ ਅਤੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਡੇਰਾਬੱਸੀ, ਜ਼ੀਰਕਪੁਰ ਅਤੇ ਸਟੀਲ ਸਟਰਿੱਪਸ ਕੰਪਨੀ ਵਿੱਚ ਫੋਨ ਕੀਤਾ, ਜਿੱਥੋਂ ਫਾਇਰ ਬ੍ਰਿਗੇਡ ਦੀਆਂ ਕਰੀਬ ਚਾਰ ਗੱਡੀਆਂ ਅੱਗ ਬਝਾਉਣ ਲਈ ਮੌਕੇ ’ਤੇ ਪਹੁੰਚ ਗਈਆਂ। ਉਨ੍ਹਾਂ ਕਾਫੀ ਜੱਦੋ ਜਹਿਦ ਤੋਂ ਬਾਅਦ ਸ਼ਾਮ 4 ਵਜੇ ਤੱਕ ਅੱਗ ’ਤੇ ਕਾਬੂ ਪਾਇਆ। ਫਾਇਰ ਅਫਸਰ ਡੇਰਾਬੱਸੀ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਗੱਡੀਆਂ ਅਤੇ ਅੱਠ ਮੁਲਾਜ਼ਮਾਂ ਨੇ ਲਗਾਤਾਰ ਚਾਰ ਘੰਟੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ।
ਤਹਿਸੀਲ ਕੰਪਲੈਕਸ ਵਿੱਚ ਡਾਕੂਮੈਂਟ ਸੈਂਟਰ ਨੂੰ ਅੱਗ ਲੱਗੀ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਤਹਿਸੀਲ ਕੰਪਲੈਕਸ ਵਿੱਚ ਅੱਜ ਇਕ ਡਾਕੂਮੈਂਟ ਸੈਂਟਰ ਨੂੰ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਮੁੱਢਲੀ ਜਾਂਚ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਅੱਗ ਲੱਗਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੀ ਇਕ ਗੱਡੀ ਨੇ ਤਕਰੀਬ ਅੱਧੇ ਘੰਟ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਡਾਕੂਮੈਂਟ ਸੈਂਟਰ ਦੇ ਮਾਲਕ ਪ੍ਰਵੀਨ ਧੀਮਾਨ ਨੇ ਦੱਸਿਆ ਕਿ ਅੱਗ ਨਾਲ ਖੋਖਾ ਅਤੇ ਉਸ ਵਿੱਚ ਪਿਆ ਸਾਮਾਨ ਨੁਕਸਾਨਿਆ ਗਿਆ। ਗੁਆਂਢੀਆਂ ਨੇ ਉਸ ਨੂੰ ਅੱਗ ਲੱਗਣ ਬਾਰੇ ਸੂਚਨਾ ਦਿੱਤੀ।