ਕਰਮਜੀਤ `ਸਿੰਘ ਚਿੱਲਾ
ਐਸ.ਏ.ਐਸ. ਨਗਰ (ਮੁਹਾਲੀ), 27 ਜੁਲਾਈ
ਮੁੱਖ ਅੰਸ਼
- ਅਪਰੈਲ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਗੁਜ਼ਾਰਾ ਕਰਨਾ ਹੋਇਆ ਮੁਸ਼ਕਿਲ
- ਸੇਵਾਵਾਂ ਪੱਕੀਆਂ ਕਰਨ ਦੀ ਮੰਗ ਕਰਦਿਆਂ ਮੰਡੀ ਬੋਰਡ ਦਾ ਰਾਹ ਬੰਦ ਕਰਨ ਦੀ ਚਿਤਾਵਨੀ ਦਿੱਤੀ
ਪੰਜਾਬ ਮੰਡੀ ਬੋਰਡ ਅਧੀਨ ਮਾਰਕੀਟ ਕਮੇਟੀਆਂ ਵਿੱਚ ਪਿਛਲੇ ਬਾਰਾਂ ਸਾਲਾਂ ਤੋਂ ਆਊਟਸੋਰਸ ਨੀਤੀ ਤਹਿਤ ਕੰਮ ਕਰ ਰਹੇ ਟਰੈਕਟਰ ਅਤੇ ਬੋਬੀਕੈਟ ਮਸ਼ੀਨਾਂ ਦੇ ਡਰਾਈਵਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਮੁਹਾਲੀ ਦੇ ਫੇਜ਼-11 ਵਿੱਚ ਮੰਡੀ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਪੱਕਾ ਮੋਰਚਾ ਆਰੰਭ ਕਰ ਦਿੱਤਾ ਹੈ। ਪੰਜਾਬ ਭਰ ਤੋਂ ਆਏ ਪੰਜ ਦਰਜਨ ਦੇ ਕਰੀਬ ਡਰਾਈਵਰਾਂ ਨੇ ਅੱਜ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੰਡੀ ਬੋਰਡ ਉੱਤੇ ਸ਼ੋਸ਼ਣ ਕਰਨ ਦਾ ਦੋਸ਼ ਲਾਇਆ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਮਲੋਟ, ਗੌਰਵ ਸ਼ਰਮਾ, ਹਰਦੀਪ ਸਿੰਘ ਖੰਨਾ, ਹਰਗੋਬਿੰਦ ਸਿੰਘ ਕੋਟਕਪੂਰਾ ਅਤੇ ਦਵਿੰਦਰ ਸਿੰਘ ਦੋਰਾਹਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜੇਕਰ ਮੰਡੀ ਬੋਰਡ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਉਹ ਮੰਡੀ ਬੋਰਡ ਦੇ ਦਫ਼ਤਰ ਦਾ ਰਾਹ ਬੰਦ ਕਰ ਦੇਣਗੇ। ਉਨ੍ਹਾਂ ਕਿਹਾ ਕਿ 36 ਹਜ਼ਾਰ ਪੱਕੇ ਕੀਤੇ ਜਾ ਰਹੇ ਮੁਲਾਜ਼ਮਾਂ ਵਿੱਚ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤੇ ਬਿਨਾਂ ਕਿਸੇ ਦੇਰੀ ਤੋਂ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ।
ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਹਿਲੀ ਅਪਰੈਲ ਤੋਂ ਬਾਦ ਤਨਖਾਹ ਨਹੀਂ ਮਿਲੀ। ਉਨ੍ਹਾਂ ਮੰਡੀ ਬੋਰਡ ਵੱਲੋਂ ਟਰੈਕਟਰ ਅਤੇ ਬੋਬੀਕੈਟ ਮਸ਼ੀਨਾਂ ਨੂੰ ਠੇਕੇਦਾਰਾਂ ਨੂੰ ਸੌਂਪਣ ਲਈ ਚਿੱਠੀ ਵਾਪਸ ਲੈਣ, ਡਰਾਈਵਰਾਂ ਦੀਆਂ ਆਸਾਮੀਆਂ ਨੂੰ ਮਨਜ਼ੂਰੀ ਦੇਣ ਜਾਂ ਫਿਰ ਉਨ੍ਹਾਂ ਨੂੰ ਯੋਗਤਾ ਅਨੁਸਾਰ ਦਰਜਾ ਤਿੰਨ ਜਾਂ ਚਾਰ ਵਿੱਚ ਮਰਜ ਕਰਨ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਦੱਸਿਆ ਕਿ ਵੀਰਵਾਰ ਤੋਂ ਮਾਰਕੀਟ ਕਮੇਟੀਆਂ ਵਿੱਚ ਵਰ੍ਹਿਆਂ ਤੋਂ ਕੰਮ ਕਰਦੇ ਹੋਰ ਕੈਟਾਗਰੀਆਂ ਦੇ ਕਰਮਚਾਰੀ ਵੀ ਉਨ੍ਹਾਂ ਦੇ ਧਰਨੇ ਵਿੱਚ ਸ਼ਿਰਕਤ ਕਰਨਗੇ। ਮੰਡੀ ਬੋਰਡ ਦੇ ਜੇਡੀਏ ਨੇ ਅੱਜ ਧਰਨਾਕਾਰੀ ਡਰਾਈਵਰਾਂ ਨਾਲ ਗੱਲਬਾਤ ਕੀਤੀ ਪਰ ਮਾਮਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ।