ਕਰਮਜੀਤ ਸਿੰਘ ਚਿੱਲਾ
ਬਨੂੜ, 8 ਜੁਲਾਈ
ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਬਿਨਾਂ ਕਿਸੇ ਸਰਕਾਰੀ ਗਰਾਂਟ ਤੋਂ ਡੇਢ ਕਰੋੜ ਦੀ ਲਾਗਤ ਨਾਲ ਪਿੰਡ ਬੂਟਾ ਸਿੰਘ ਵਾਲਾ ਦੇ ਪ੍ਰਾਇਮਰੀ ਸਕੂਲ ਦੀ ਬਣਾਈ ਗਈ ਦੋ ਮੰਜ਼ਿਲਾ ਇਮਾਰਤ ਦਾ ਅੱਜ ਉਦਘਾਟਨ ਹੋ ਗਿਆ। ਇਸ ਮੌਕੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਜੀਤ ਕੌਰ ਨੇ ਇਸ ਵਡਮੁੱਲੇ ਅਤੇ ਵਿਲੱਖਣ ਕਾਰਜ ਲਈ ਸੁਸਾਇਟੀ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਸਕੂਲ ਮੁਖੀ ਸਰਬਜੀਤ ਕੌਰ ਨੇ ਦੱਸਿਆ ਕਿ ਨਵੀਂ ਬਣਾਈ ਗਈ ਆਲੀਸ਼ਾਨ ਇਮਾਰਤ ਵਿੱਚ ਸੋਲਾਂ ਕਮਰੇ, ਇੱਕ ਹਾਲ, ਕੰਪਿਊਟਰ ਲੈਬ, ਲਾਇਬ੍ਰੇਰੀ, ਮਿੱਡ-ਡੇ-ਮੀਲ ਰਸੋਈ, ਸਟੋਰ ਤੇ ਖਾਣਾ ਖਾਣ ਲਈ ਬੱਚਿਆਂ ਵਾਸਤੇ ਹਾਲ ਕਮਰਾ, ਮੁੰਡੇ-ਕੁੜੀਆਂ, ਲੇਡਿਜ਼ ਤੇ ਜੈਂਟਸ ਸਟਾਫ਼ ਲਈ ਵੱਖੋ ਵੱਖਰੇ ਵਾਸ਼ਰੂਮ, ਖੁਬਸੂਰਤ ਪਾਰਕ, ਚਾਰ ਦੀਵਾਰੀ ਸ਼ਾਮਲ ਹੈ। ਪਿੰਡ ਦੀ ਪੰਚਾਇਤ ਤੇ ਸਕੂਲ ਵੱਲੋਂ ਨਿਸ਼ਕਾਮ ਸੇਵਾ ਸੁਾਇਟੀ ਦੇ ਸਰਪ੍ਰਸਤ ਪਾਲ ਸਿੰਘ ਬੈਦਵਾਣ, ਹਰਚੰਦ ਸਿੰਘ, ਸੇਵਾਮੁਕਤ ਪ੍ਰਿੰਸੀਪਲ ਬਰਿੰਦਰਜੀਤ ਕੌਰ ਤੇ ਮੌਜੂਦਾ ਪ੍ਰਿੰਸੀਪਲ ਜਯੋਤੀ ਚਾਵਲਾ, ਸਕੂਲ ਮੁਖੀ ਸਰਬਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਪ੍ਰਾਜੈਕਟ ਵਿੱਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਸ਼ਖਸੀਅਤਾਂ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜੋਗਿੰਦਰ ਸਿੰਘ, ਸਰਪੰਚ ਭੁਪਿੰਦਰ ਸਿੰਘ, ਛੱਜੂ ਸਿੰਘ, ਅਰਜਨ ਸਿੰਘ, ਸੁਰਜੀਤ ਸਿੰਘ ਮੁਹਾਲੀ, ਪਰਵਿੰਦਰ ਸਿੰਘ, ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ ਦਾ ਵੀ ਸਨਮਾਨ ਕੀਤਾ ਗਿਆ।