ਆਤਿਸ਼ ਗੁਪਤਾ
ਚੰਡੀਗੜ੍ਹ, 20 ਜੁਲਾਈ
ਮੁੱਖ ਅੰਸ਼
- ਪੀੜਤ ਮੁਲਾਜ਼ਮ ਸਾਥੀ ਨਾਲ ਰਾਤ ਇਕ ਵਜੇ ਆਇਆ ਸੀ ਹੋਟਲ ਵਿੱਚ
- ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ
ਇੱਥੋਂ ਦੇ ਸੈਕਟਰ-22 ਵਿੱਚ ਸਥਿਤ ਹੋਟਲ ਡਾਇਮੰਡ ਪਲਾਜ਼ਾ ਵਿੱਚ ਅੱਜ ਸਵੇਰੇ 5.30 ਮਿੰਟ ਦੇ ਕਰੀਬ ਏਕੇ-47 ਵਿੱਚੋਂ ਗੋਲੀ ਚੱਲ ਗਈ ਹੈ। ਇਸ ਦੌਰਾਨ ਪੰਜਾਬ ਪੁਲੀਸ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਦੇ ਗੋਲੀ ਸ਼ਰੀਰ ਵਿੱਚ ਆਰ-ਪਾਰ ਕਰ ਗਈ ਹੈ। ਪੀੜਤ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਦੀਪਕ ਸਿੰਘ ਵਜੋਂ ਹੋਈ ਹੈ, ਜੋ ਕਿ ਪੰਜਾਬ ਪੁਲੀਸ ਵਿੱਚ ਬਤੌਰ ਕਾਂਸਟੇਬਲ ਤਾਇਨਾਤ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸਐੱਸਪੀ ਕੁਲਦੀਪ ਸਿੰਘ ਚਾਹਲ, ਡੀਐੱਸਪੀ ਗੁਰਮੁੱਖ ਸਿੰਘ ਸਣੇ ਹੋਰ ਪੁਲੀਸ ਅਧਿਕਾਰੀਆਂ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦੇ ਦੋ ਮੁਲਾਜ਼ਮ ਕਾਂਸਟੇਬਲ ਦੀਪਕ ਸਿੰਘ ਅਤੇ ਅੰਕਿਤ ਮੰਗਲਵਾਰ ਰਾਤ ਇਕ ਵਜੇ ਦੇ ਕਰੀਬ ਹੋਟਲ ਡਾਇਮੰਡ ਪਲਾਜ਼ਾ ਵਿੱਚ ਰਹਿਣ ਲਈ ਪਹੁੰਚੇ। ਹੋਟਲ ਵਿੱਚ ਗੋਲੀ ਸਵੇਰੇ 5 ਤੋਂ 5.30 ਵਜੇ ਦੇ ਵਿਚਕਾਰ ਚੱਲੀ ਹੈ। ਗੋਲੀ ਪੁਲੀਸ ਮੁਲਾਜ਼ਮ ਦੇ ਢਿੱਡ ਵਿੱਚ ਲੱਗੀ ਹੈ ਜੋ ਕਿ ਸ਼ਰੀਰ ਤੋਂ ਪਾਰ ਹੋ ਕੇ ਸ਼ੀਸ਼ੇ ਵਿੱਚ ਵੱਜੀ। ਗੋਲੀ ਚੱਲਣ ਦੀ ਜਾਣਕਾਰੀ ਮਿਲਦੇ ਹੀ ਹੋਟਲ ਸਟਾਫ਼ ਕਮਰੇ ਵੱਲ ਭੱਜਿਆ ਪਰ ਦਰਵਾਜ਼ਾ ਖੜਕਾਉਣ ਤੋਂ ਇਕ ਮਿੰਟ ਬਾਅਦ ਅੰਕਿਤ ਨੇ ਦਰਵਾਜ਼ਾ ਖੋਲ੍ਹਿਆ। ਉਸ ਵੇਲੇ ਦੀਪਕ ਕਮਰੇ ਵਿੱਚ ਖੂਨ ਨਾਲ ਲੱਥ-ਪੱਥ ਪਿਆ ਸੀ। ਘਟਨਾ ਦੀ ਜਾਣਕਾਰੀ ਹੋਟਲ ਸਟਾਫ਼ ਨੇ ਪੁਲੀਸ ਨੂੰ ਦਿੱਤੀ ਅਤੇ ਚੰਡੀਗੜ੍ਹ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਦਾਸਪੁਰ ਦੇ ਪ੍ਰਾਪਰਟੀ ਡੀਲਰ ਨੂੰ ਸੁਰੱਖਿਆ ਲਈ ਦੋ ਪੁਲੀਸ ਮੁਲਾਜ਼ਮ ਮਿਲੇ ਹੋਏ ਹਨ। ਪ੍ਰਾਪਰਟੀ ਡੀਲਰ ਰਾਤ ਚੰਡੀਗੜ੍ਹ ਆਇਆ ਹੋਇਆ ਸੀ ਤੇ ਉਹ ਆਪ ਸੈਕਟਰ 35 ਵਿੱਚ ਠਹਿਰ ਗਿਆ। ਉਸ ਤੋਂ ਬਾਅਦ ਉਕਤ ਦੋਵੇਂ ਕਾਂਸਟੇਬਲ ਸੈਕਟਰ 22 ਦੇ ਹੋਟਲ ਵਿੱਚ ਠਹਿਰ ਗਏ। ਡੀਐੱਸਪੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਅੰਕਿਤ ਅਨੁਸਾਰ ਸਵੇਰੇ 5 ਵਜੇ ਦੇ ਕਰੀਬ ਦੀਪਕ ਉੱਠ ਕੇ ਬਾਥਰੂਮ ਗਿਆ ਸੀ, ਜੋ ਕਿ ਆਪਣੀ ਏਕੇ-47 ਨਾਲ ਲੈ ਗਿਆ, ਜਿਸ ਤੋਂ ਕੁਝ ਸਮੇਂ ਬਾਅਦ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਹੈ। ਪੁਲੀਸ ਉਕਤ ਮਾਮਲੇ ਨੂੰ ਵੱਖ-ਵੱਖ ਪਹਿਲੂਆਂ ਨਾਲ ਜਾਂਚ ਕਰ ਰਹੀ ਹੈ।