ਮੁਕੇਸ਼ ਕੁਮਾਰ
ਚੰਡੀਗੜ੍ਹ, 2 ਅਗਸਤ
ਸ਼ਹਿਰ ਵਿੱਚ ਅੱਜ ਦੁਪਹਿਰ ਵੇਲੇ ਡੇਢ ਕੁ ਘੰਟੇ ਪਏ ਮੋਹਲੇਧਾਰ ਮੀਂਹ ਨੇ ਅੱਜ ਸੋਹਣੇ ਸ਼ਹਿਰ ਚੰਡੀਗੜ੍ਹ ਦੀ ਤਸਵੀਰ ਵਿਗਾੜ ਕੇ ਰੱਖ ਦਿੱਤੀ ਅਤੇ ਨਾਲ ਹੀ ਨਗਰ ਨਿਗਮ ਵੱਲੋਂ ਕੀਤੇ ਜਾਂਦੇ ਨਿਕਾਸੀ ਪ੍ਰਬੰਧਾਂ ਸਬੰਧੀ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਦੁਪਹਿਰ 12.30 ਕੁ ਵਜੇ ਸ਼ੁਰੂ ਹੋਏ ਮੀਂਹ ਨਾਲ ਸ਼ਹਿਰ ਦੀਆਂ ਸੜਕਾਂ ਜਲਥਲ ਹੋ ਗਈਆਂ ਅਤੇ ਕਈ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਸ਼ਹਿਰ ਵਿਚ ਲਗਪਗ ਡੇਢ ਘੰਟਾਂ ਪਏ ਮੀਂਹ ਨਾਲ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ’ਤੇ ਪਾਣੀ ਭਰਨ ਕਰ ਕੇ ਜਾਮ ਲੱਗ ਗਏ ਅਤੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਚੰਡੀਗੜ੍ਹ-ਦਿੱਲੀ ਮਾਰਗ ’ਤੇ ਪੈਂਦੇ ਟ੍ਰਿਬਿਊਨ ਚੌਕ, ਹੱਲੋ ਮਾਜਰਾ ਚੌਕ, ਏਅਰਪੋਰਟ ਚੌਕ, ਸਨਅਤੀ ਖੇਤਰ ਸਥਿਤ ਮੋਡੇਲਾ ਚੌਕ, ਆਈਟੀਆਈ ਚੌਕ, ਸੈਕਟਰ 28 ਪੈਟਰੋਲ ਪੰਪ ਵਾਲੀਆਂ ਟਰੈਫਿਕ ਲਾਈਟਾਂ, ਟਰਾਂਸਪੋਰਟ ਚੌਕ, ਰੇਲਵੇ ਸਟੇਸ਼ਨ ਚੌਕ, ਹਾਊਸਿੰਗ ਬੋਰਡ ਚੌਕ, ਢਿੱਲੋਂ ਕੰਪਲੈਕਸ ਚੌਕ, ਪਿੰਡ ਕਿਸ਼ਨਗੜ੍ਹ, ਸੈਕਟਰ 28 ਦੀ ਮਾਰਕੀਟ, ਸੈਕਟਰ 17 ਬੱਸ ਅੱਡਾ ਚੌਕ, ਮੱਧ ਮਾਰਗ ਤੇ ਸੈਕਟਰ 45 ਦੀ ਸਰਕੁਲਰ ਰੋਡ ’ਤੇ ਕਾਫੀ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਇਸ ਤੋਂ ਇਲਾਵਾ ਪਿੰਡ ਮਲੋਆ, ਸੈਕਟਰ 26 ਦੀ ਬਾਪੂ ਧਾਮ ਕਲੋਨੀ ਤੇ ਪੁਲੀਸ ਕਲੋਨੀ, ਸੈਕਟਰ 49 ਦੀਆਂ ਟਰੈਫਿਕ ਲਾਈਟਾਂ, ਸੈਕਟਰ 47 ਦੀ ਜਗਤਪੁਰਾ ਰੋਡ ਅਤੇ ਡੱਡੂ ਮਾਜਰਾ ਕਲੋਨੀ ਵਿੱਚ ਕਈ-ਕਈ ਫੁੱਟ ਪਾਣੀ ਭਰਨ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਈਂ ਵਾਹਨ ਚਾਲਕ ਆਪੋ-ਆਪਣੇ ਵਾਹਨਾਂ ਨੂੰ ਧੱਕੇ ਮਾਰਦੇ ਦੇਖੇ ਗਏ। ਇਸ ਦੌਰਾਨ ਪਿੰਡ ਮੌਲੀ ਜੱਗਰਾਂ ਦੀਆਂ ਗਲੀਆਂ ਵਿੱਚ ਨਾਲ ਵਗਦੇ ਬਰਸਾਤੀ ਨਾਲੇ ਦਾ ਪਾਣੀ ਵੜ ਗਿਆ ਅਤੇ ਨਿਕਾਸੀ ਨਾ ਹੋਣ ਕਰ ਕੇ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਵੜ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਇਸ ਬਰਸਾਤੀ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ। ਉਧਰ ਇੱਥੇ ਸਨਅਤੀ ਖੇਤਰ ਫੇਜ਼-1 ਸਥਿਤ ਸੀਟੀਊ ਵਰਕਸ਼ਾਪ ਨੇੜੇ ਬਣੇ ਅੰਡਰਪਾਸ ਵਿੱਚ ਵੀ ਮੀਂਹ ਦਾ ਕਾਫੀ ਪਾਣੀ ਜਮ੍ਹਾਂ ਹੋ ਗਿਆ ਜਿਸ ਕਾਰਨ ਵਾਹਨਾਂ ਦੀ ਆਵਾਜਾਈ ਬੰਦ ਰਹੀ।
ਇਸ ਦੌਰਾਨ ਸੈਕਟਰ 38 ਵੈਸਟ ਦੇ ਰਿਹਾਇਸ਼ੀ ਇਲਾਕੀਆਂ ਦੇ ਕਈ ਘਰਾਂ ਵਿਚ ਵੀ ਮੀਂਹ ਦਾ ਪਾਣੀ ਵੜ ਗਿਆ। ਸੈਕਟਰ 34 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਵੀ ਕਾਫੀ ਪਾਣੀ ਭਰ ਗਿਆ ਤੇ ਇਸ ਦੇ ਨਾਲ ਹੀ ਸੈਕਟਰ 26 ਦੀ ਸਬਜ਼ੀ ਮੰਡੀ ਦਾ ਤਾਂ ਕਾਫੀ ਮਾੜਾ ਹਾਲ ਦੇਖਿਆ ਗਿਆ। ਉੱਧਰ, ਸੈਕਟਰ 15 ਨੂੰ ਸੈਕਟਰ 11 ਨਾਲ ਜੋੜਨ ਵਾਲੇ ਅੰਡਰਪਾਸ ਵਿੱਚ ਵੀ ਪਾਣੀ ਜਮ੍ਹਾਂ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਲਈ ਪਿਆ ਡਰੇਨੇਜ ਸਿਸਟਮ ਇੱਕ ਘੰਟੇ ਵਿੱਚ ਸਿਰਫ਼ 25 ਮਿਲੀਮੀਟਰ ਮੀਂਹ ਦਾ ਪਾਣੀ ਝੱਲ ਸਕਦਾ ਹੈ ਪਰ ਅੱਜ ਸ਼ਹਿਰ ਵਿੱਚ 70 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਨਿਗਮ ਦੇ ਜਨ ਸਿਹਤ ਵਿਭਾਗ ਦੇ ਸੁਪਰਟੈਂਡਿੰਗ ਇੰਜਨੀਅਰ ਸ਼ੈਲਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਵੱਲੋਂ ਬਣਾਈਆਂ ਗਈਆਂ ਟੀਮਾਂ ਜੰਗੀ ਪੱਧਰ ’ਤੇ ਕੰਮ ਕਰਦੀਆਂ ਹਨ। ਮੀਂਹ ਰੁਕਣ ਤੋਂ ਬਾਅਦ ਸੜਕਾਂ ਤੇ ਹੋਰ ਇਲਾਕਿਆਂ ਵਿੱਚ ਪਾਣੀ ਖੜ੍ਹਾ ਨਹੀਂ ਰਹਿੰਦਾ। ਜੇ ਕਿਤੇ ਪਾਣੀ ਇਕੱਠਾ ਹੁੰਦਾ ਵੀ ਹੈ ਤਾਂ ਨਿਗਮ ਦੀਆਂ ਟੀਮਾਂ ਸ਼ਿਕਾਇਤ ਮਿਲਣ ’ਤੇ ਤੁਰੰਤ ਸਮੱਸਿਆ ਦਾ ਹੱਲ ਕਰਦੀਆਂ ਹਨ। ਨਿਗਮ ਦੀਆਂ ਇਹ ਟੀਮਾਂ 24 ਘੰਟੇ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪਾਣੀ ਭਰਨ ਦੀ ਸ਼ਿਕਾਇਤ ਸਬੰਧੀ ਨਗਰ ਨਿਗਮ ਦੇ ਹੈਲਪਲਾਈਨ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ੀਰਕਪੁਰ (ਹਰਜੀਤ ਸਿੰਘ): ਸ਼ਹਿਰ ਵਿੱਚ ਪਏ ਭਰਵੇਂ ਮੀਂਹ ਕਾਰਨ ਅੱਜ ਥਾਂ-ਥਾਂ ਕਈ-ਕਈ ਫੁੱਟ ਪਾਣੀ ਭਰ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਦੀਆਂ ਕਈ ਨੀਵੀਂ ਕਲੋਨੀਆਂ ਵਿਚਲੇ ਘਰਾਂ ਵਿੱਚ ਮੀਂਹ ਦਾ ਪਾਣੀ ਵੜ ਗਿਆ। ਪਾਣੀ ਦੀ ਸਭ ਤੋਂ ਵੱਧ ਮਾਰ ਬਲਟਾਣਾ ਅਤੇ ਢਕੋਲੀ ਖੇਤਰ ਦੇ ਲੋਕਾਂ ਨੂੰ ਝੱਲਣੀ ਪਈ।
ਇਸ ਤੋਂ ਇਲਾਵਾ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਪਾਣੀ ਭਰਨ ਕਾਰਨ ਸ਼ਹਿਰ ਹਾਲੋਂ ਬੇਹਾਲ ਹੋ ਗਿਆ। ਇੱਥੋਂ ਦੇ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ, ਜ਼ੀਰਕਪੁਰ-ਪਟਿਆਲਾ ਰੋਡ ਅਤੇ ਜ਼ੀਰਕਪੁਰ-ਪੰਚਕੂਲਾ ਸੜਕ ’ਤੇ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਇਸੇ ਤਰ੍ਹਾਂ ਇਥੋਂ ਦੇ ਪਿੰਡ ਗਾਜ਼ੀਪੁਰ ਰੇਲਵੇ ਅੰਡਰਪਾਸ ਵਿੱਚ ਪਾਣੀ ਭਰਨ ਕਾਰਨ ਹਾਦਸਿਆਂ ਦਾ ਸ਼ਤਰਾ ਪੈਦਾ ਹੋ ਗਿਆ ਹੈ।
ਸੁਖਨਾ ਝੀਲ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਡੇਢ ਫੁੱਟ ਹੇਠਾਂ
ਚੰਡੀਗੜ੍ਹ (ਆਤਿਸ਼ ਗੁਪਤਾ): ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਪਿਛਲੇ ਕੁਝ ਦਿਨਾਂ ਤੋਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਰ ਕੇ ਚੰਡੀਗੜ੍ਹ ਸਥਿਤ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧ ਕੇ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਤੋਂ ਸਿਰਫ਼ ਡੇਢ ਕੁ ਫੁੱਟ ਘੱਟ ਰਹਿ ਗਿਆ ਹੈ। ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਰ ਕੇ ਝੀਲ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਉੱਧਰ, ਯੂਟੀ ਪ੍ਰਸ਼ਾਸਨ ਨੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ 24 ਘੰਟੇ ਮੁਸਤੈਦ ਰਹਿਣ ਦੇ ਆਦੇਸ਼ ਦੇ ਦਿੱਤੇ ਹਨ। ਇਸ ਵੇਲੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1161.4 ਫੁੱਟ ਦੇ ਕਰੀਬ ਹੈ ਜਦਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਸੋਮਵਾਰ ਨੂੰ ਦੁਪਹਿਰ ਵੇਲੇ ਪਏ ਮੀਂਹ ਦੌਰਾਨ ਸੁਖਨਾ ਝੀਲ ਵਿੱਚ ਪਾਣੀ ਅੱਠ ਇੰਚ ਦੇ ਕਰੀਬ ਵਧ ਗਿਆ। ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਜਲਦੀ ਹੀ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਅਤੇ ਪਾਣੀ ਵਧਣ ’ਤੇ ਯੂਟੀ ਪ੍ਰਸ਼ਾਸਨ ਨੂੰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪੈ ਸਕਦੇ ਹਨ ਜਿਸ ਦਾ ਪਾਣੀ ਸੁਖਨਾ ਚੋਅ ਰਾਹੀਂ ਛੱਡਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਨਾ ਝੀਲ ਨੇੜੇ ਸਥਿਤ ਪਿੰਡ ਕਾਂਸਲ ਅਤੇ ਸਕੇਤੜੀ ਵਿੱਚੋਂ ਲੰਘਦੀਆਂ ਨਾਲਿਆਂ ਦਾ ਬਰਸਾਤੀ ਪਾਣੀ ਸੁਖਨਾ ਝੀਲ ਵਿੱਚ ਆ ਕੇ ਮਿਲਦਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰ ਕੇ ਸੁਖਨਾ ਝੀਲ ਦਾ ਪਾਣੀ ਵਧ ਗਿਆ ਹੈ। ਇਕ ਹਫ਼ਤਾ ਪਹਿਲਾਂ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1154 ਫੁੱਟ ਸੀ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਝੀਲ ਵਿੱਚ ਪਾਣੀ ਦਾ ਪੱਧਰ ਹੁਣ ਵਧ ਕੇ 1161.4 ਫੁੱਟ ’ਤੇ ਪਹੁੰਚ ਗਿਆ ਹੈ। ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਨੇ ਹੜ੍ਹ ਵਾਲੇ ਗੇਟਾਂ ਨੇੜੇ 24 ਘੰਟੇ ਨਿਗਰਾਨੀ ਕਰਨ ਦੇ ਪ੍ਰਬੰਧ ਕਰ ਲਏ ਹਨ। ਇਸ ਥਾਂ ’ਤੇ ਪ੍ਰਸ਼ਾਸਨ ਨੇ ਵੱਡੇ ਬੱਲਬਾਂ ਅਤੇ ਸਾਊਡ ਸਿਸਟਮ ਦਾ ਪ੍ਰਬੰਧ ਕਰ ਲਿਆ ਹੈ ਤਾਂ ਜੋ ਪਾਣੀ ਵਧਣ ’ਤੇ ਲੋਕਾਂ ਨੂੰ ਸੂਚਿਤ ਕੀਤਾ ਜਾ ਸਕੇ।