ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਮਾਰਚ
ਮੁਹਾਲੀ ਹਲਕੇ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਇਕ ਚੁਣੇ ਗਏ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਇਲਾਕੇ ਦੇ ਲੋਕਾਂ ਨੇ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਹੁਕਮਰਾਨਾਂ ਦੀਆਂ ਵਧੀਕੀਆਂ ਖ਼ਿਲਾਫ਼ ‘ਆਪ’ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਹੁਕਮਰਾਨਾਂ ਦੀ ਧੜੇਬੰਦੀ ਅਤੇ ਅਣਦੇਖੀ ਕਾਰਨ ਮੁਹਾਲੀ ਦਾ ਵਿਕਾਸ ਪ੍ਰਭਾਵਿਤ ਹੋਇਆ ਹੈ ਪਰ ਹੁਣ ਮੁਹਾਲੀ ਸ਼ਹਿਰ ਸਮੇਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਨਵਾਂ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸੀ ਆਗੂਆਂ ਵੱਲੋਂ ਗਲਤ ਤਰੀਕੇ ਨਾਲ ਹਾਸਲ ਕੀਤੀਆਂ ਸ਼ਾਮਲਾਤ ਜ਼ਮੀਨਾਂ ਨੂੰ ਛੁਡਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਸਿੱਧੂ ਭਰਾਵਾਂ ਦੇ ਗੁੰਡਾਰਾਜ ਅਤੇ ਮਾਫ਼ੀਆ ਰਾਜ ਦੀ ਹਾਰ ਹੋਈ ਹੈ। ਐਮਸੀ ਦੀ ਚੋਣ ਹਾਰਨ ਵਾਲਾ ਵਿਅਕਤੀ ਵਿਧਾਇਕ ਸਿੱਧੂ ਦਾ ਕੀ ਮੁਕਾਬਲਾ ਕਰੇਗਾ ਦੀ ਟਿੱਪਣੀ ਬਾਰੇ ਬੋਲਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਸਿੱਧੂ ਨੂੰ ਰਾਜਨੀਤੀ ਤੋਂ ਸੰਨਿਆਸ ਲੈ ਕੇ ਘਰ ਬੈਠ ਜਾਣਾ ਚਾਹੀਦਾ ਹੈ।
‘ਆਪ’ ਵਿਧਾਇਕ ਨੇ ਕਿਹਾ ਕਿ ਸਿੱਧੂ ਭਰਾਵਾਂ ਨੇ ਨਗਰ ਨਿਗਮ ਚੋਣਾਂ ਸਮੇਂ ਵਿਰੋਧੀਆਂ ਨਾਲ ਮਿਲ ਕੇ ਭਾਜੀ ਪਾਈ ਸੀ, ਜੋ ਹੁਣ ਵਿਆਜ ਸਣੇ ਮੋੜ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਸਮੇਂ ਸਿੱਧੂ ਉਨ੍ਹਾਂ ਨੇ ਕਥਿਤ ਜਾਅਲੀ ਵੋਟਾਂ ਬਣਾ ਕੇ ਨਿਗਮ ਚੋਣਾਂ ਜਿੱਤਣ ਮਗਰੋਂ ਸੀਨੀਅਰ ਆਗੂਆਂ ਨੂੰ ਦਰਕਿਨਾਰ ਕਰਕੇ ਆਪਣੇ ਛੋਟੇ ਭਰਾ ਜੀਤੀ ਸਿੱਧੂ ਨੂੰ ਮੇਅਰ ਬਣਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਇਲਾਕੇ ਦੇ ਲੋਕਾਂ ਨੇ ਸਿੱਧੂ ਨੂੰ ਨਕਾਰ ਦਿੱਤਾ ਹੈ ਤਾਂ ਉਸ ਦੇ ਭਰਾ ਜੀਤੀ ਸਿੱਧੂ ਨੂੰ ਮੇਅਰ ਦੀ ਕੁਰਸੀ ਤੋਂ ਖ਼ੁਦ ਹੀ ਲਾਂਭੇ ਹੋ ਜਾਣਾ ਚਾਹੀਦਾ ਹੈ।