ਹਰਜੀਤ ਸਿੰਘ
ਡੇਰਾਬੱਸੀ, 24 ਅਪਰੈਲ
ਹਲਕਾ ਡੇਰਾਬੱਸੀ ਵਿੱਚ ਇੱਕਲੌਤੇ ਸਰਕਾਰੀ ਕਾਲਜ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ। ਕਾਲਜ ਵਿੱਚ ਪੰਜ ਸਾਲਾਂ ਤੋਂ ਉਸਾਰੀ ਜਾ ਰਹੀ ਕਾਮਰਸ ਬਲਾਕ ਦੀ ਇਮਾਰਤ ਫੰਡਾਂ ਦੀ ਘਾਟ ਕਾਰਨ ਅਧੂਰੀ ਪਈ ਹੈ ਜਦਕਿ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਪਹਿਲਾਂ ਬਣੀ ਇਮਾਰਤ ਕਾਫ਼ੀ ਛੋਟੀ ਪੈ ਰਹੀ ਹੈ। ਕਾਲਜ ਦੀ ਮੁੱਖ ਇਮਾਰਤ ਵਿੱਚ ਪਹਿਲੀ ਮੰਜ਼ਿਲ ’ਤੇ ਜਾਣ ਵਾਲੇ ਰੈਂਪ ਨੂੰ ਵੀ ਪੀਡਬਲਿਊਡੀ ਵਿਭਾਗ ਵੱਲੋਂ ਅਸੁਰੱਖਿਅਤ ਐਲਾਨ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਾਲ 2014 ਵਿੱਚ ਤਤਕਾਲੀ ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਵੱਲੋਂ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੇਲੇ ਸਰਕਾਰੀ ਕਾਲਜ ਦੀ ਹਾਲਤ ਨੂੰ ਸੁਧਾਰਨ ਲਈ ਸਰਕਾਰ ਤੋਂ ਵਿਸ਼ੇਸ਼ ਪੈਕੇਜ ਜਾਰੀ ਕਰਵਾ ਕੇ ਕਾਮਰਸ ਬਲਾਕ ਦੀ ਇਮਾਰਤ ਦਾ ਕੰਮ ਚਾਲੂ ਕਰਵਾਇਆ ਗਿਆ ਸੀ। ਸਾਲ 2017 ਤੱਕ ਇਸ ਬਲਾਕ ਦੀ ਕੰਕਰੀਟ ਦਾ ਢਾਂਚੇ ਦਾ ਕੰਮ ਮੁਕੰਮਲ ਹੋ ਗਿਆ ਸੀ ਤੇ ਇਸ ਤੋਂ ਬਾਅਦ ਪੰਜ ਸਾਲ ਕਾਂਗਰਸੀ ਆਗੂ ਲਾਰਾ ਲਾਉਂਦੇ ਰਹੇ ਪਰ ਕੰਮ ਚਾਲੂ ਨਹੀਂ ਹੋਇਆ। ਸਾਲ 2021 ਵਿੱਚ ਪੰਜਾਬ ਸਰਕਾਰ ਵੱਲੋਂ ਦੋ ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕਰਦਿਆਂ ਪੀਡਬਲਿਊਡੀ ਵਿਭਾਗ ਵੱਲੋਂ ਕਾਲਜ ਦਾ ਨਿਰੀਖਣ ਵੀ ਕਰ ਲਿਆ ਸੀ ਪਰ ਫੰਡ ਜਾਰੀ ਨਹੀਂ ਹੋਏ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਇਸੇ ਕਾਲਜ ਦੇ ਵਿਦਿਆਰਥੀ ਰਹੇ ਹਨ। ਸ੍ਰੀ ਰੰਧਾਵਾ ਨੇ ਲੰਘੇ ਦਿਨੀਂ ਕਾਲਜ ਦਾ ਦੌਰਾ ਕਰ ਕੇ ਦਾਅਵਾ ਕੀਤਾ ਸੀ ਕਿ ਛੇਤੀ ਹੀ ਅਧੂਰੇ ਪਏ ਕਾਮਰਸ ਬਲਾਕ ਦਾ ਕੰਮ ਚਾਲੂ ਕਰਵਾਉਣ ਤੋਂ ਇਲਾਵਾ ਹੋਰ ਕੰਮ ਕਰਵਾਏ ਜਾਣਗੇ। ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਤੋਂ ਇਲਾਵਾ ਕਾਲਜ ਵਿੱਚ ਆਏ ਵਿਧਾਇਕ ਸ੍ਰੀ ਰੰਧਾਵਾ ਨੂੰ ਅਧੂਰੀ ਪਈ ਕਾਮਰਸ ਬਲਾਕ ਦੀ ਇਮਾਰਤ, ਸਟਾਫ਼ ਦੀ ਕਮੀ ਅਤੇ ਅਸੁਰੱਖਿਅਤ ਰੈਂਪ ਸਣੇ ਹੋਰ ਲੋੜਾਂ ਬਾਰੇ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਵੱਲੋਂ ਛੇਤੀ ਇਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਮਾਮਲਾ ਮੁੱਖ ਮੰਤਰੀ ਦੇ ਧਿਆਨ ’ਚ ਲਿਆਂਦਾ: ਵਿਧਾਇਕ ਰੰਧਾਵਾ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਵਿਧਾਇਕ ਬਣਨ ਮਗਰੋਂ ਉਨ੍ਹਾਂ ਕਾਲਜ ਦਾ ਦੌਰਾ ਕਰ ਕੇ ਉੱਥੋਂ ਦੀ ਸਮੱਸਿਆ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਲੰਘੇ ਦਿਨੀਂ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਜਿਨ੍ਹਾਂ ਛੇਤੀ ਹੀ ਇਸ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ।