ਹਰਜੀਤ ਸਿੰਘ
ਡੇਰਾਬੱਸੀ, 16 ਜੁਲਾਈ
ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਬਣੀ ਹੋਈ ਹੈ। ਇਥੋਂ ਦੇ ਦਾਦਪੁਰਾ ਮੁਹੱਲੇ ਵਿੱਚ ਇਕ ਅਵਾਰਾ ਕੁੱਤੇ ਨੇ ਤਿੰਨ ਬੱਚਿਆਂ ਸਣੇ 12 ਜਣਿਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਜ਼ਖ਼ਮੀਆਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ।
ਸ਼ਹਿਰ ਵਿੱਚ ਅਵਾਰਾ ਕੁੱਤੇ ਵੱਲੋਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਕੁੱਤੇ ਸਥਾਨਕ ਲੋਕਾਂ ’ਤੇ ਹਮਲੇ ਕਰ ਚੁੱਕੇ ਹਨ। ਜ਼ਖ਼ਮੀ ਰੀਨਾ ਕੁਮਾਰੀ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਗਲੀ ਵਿੱਚ ਇਕ ਕੁੱਤਾ ਹਲਕ ਗਿਆ ਹੈ, ਜੋ ਤਿੰਨ-ਚਾਰ ਦਿਨਾਂ ਤੋਂ ਗਲੀ ਵਾਸੀਆਂ ਅਤੇ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਰੀਨਾ ਨੇ ਕਿਹਾ ਕਿ ਹੁਣ ਤੱਕ ਇਹ ਕੁੱਤਾ 12 ਤੋਂ ਵੱਧ ਜਣਿਆਂ ਨੂੰ ਵੱਢ ਚੁੱਕਿਆ ਹੈ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਇਸ ਕੁੱਤੇ ਦੇ ਡਰ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਸਹਿਮੇ ਲੋਕਾਂ ਨੇ ਖ਼ੁਦ ਨੂੰ ਘਰਾਂ ਦੇ ਅੰਦਰ ਡੱਕਿਆ ਹੋਇਆ ਹੈ। ਇਸੇ ਤਰ੍ਹਾਂ ਜ਼ਖ਼ਮੀ ਪੂਨਮ ਨੇ ਦੱਸਿਆ ਕਿ ਉਹ ਘਰ ਤੋਂ ਕਿਸੇ ਕੰਮ ਗਈ ਸੀ ਜਿਸ ਦੌਰਾਨ ਉੱਕਤ ਕੁੱਤੇ ਨੇ ਉਸ ਦੀ ਲੱਤ ਫੜ ਲਈ, ਜਿਸ ਨੂੰ ਬੜੀ ਮੁਸ਼ਕਲ ਨਾਲ ਗਲੀ ਵਾਸੀਆਂ ਨੇ ਛੁੱਡਵਾਇਆ। ਪੂਨਮ ਨੇ ਦੱਸਿਆ ਕਿ ਕੁੱਤੇ ਨੇ ਉਸ ਦੀ ਲੱਤ ਦਾ ਮਾਸ ਵੱਖ ਕਰ ਦਿੱਤਾ, ਜੇਕਰ ਉਹ ਰੌਲਾ ਨਾ ਪਾਉਂਦੀ ਤਾਂ ਕੁੱਤਾ ਉਸ ਦੀ ਜਾਨ ਵੀ ਲੈ ਸਕਦਾ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਕੁੱਤੇ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਹੈ। ਗੱਲ ਕਰਨ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆ ਗਿਆ ਹੈ ਤੇ ਛੇਤੀ ਹੀ ਇਸ ਕੁੱਤੇ ਨੂੰ ਕਾਬੂ ਕਰ ਕੇ ਲੋਕਾਂ ਨੂੰ ਇਸ ਤੋਂ ਰਾਹਤ ਦਿਵਾਈ ਜਾਵੇਗੀ।