ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਜ਼ਿਲ੍ਹੇ ਦੇ ਮੋਰਨੀ ਬਲਾਕ ਦੇ ਪਿੰਡ ਸ਼ੇਰਲਾ ਵਿੱਚ ਰਾਹ ਜਾਂਦੀਆਂ ਬੱਕਰੀਆਂ ਦੇ ਝੁੰਡ ਉੱਤੇ ਇਕ ਤੇਂਦੂਏ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਤੇਂਦੂਏ ਨੇ ਇੱਕ ਬੱਕਰੀ ਨੂੰ ਮਾਰ ਦਿੱਤਾ। ਮੋਰਨੀ ਦੇ ਕਿਸਾਨ ਹੀਰਾ ਸਿੰਘ ਨੂੰ ਇਸ ਤੇਂਦੂਏ ਦੇ ਹਮਲੇ ਬਾਰੇ ਉਦੋਂ ਪਤਾ ਲੱਗਾ ਜਦੋਂ ਬੱਕਰੀਆਂ ਤੇਂਦੂਏ ਤੋਂ ਡਰ ਕੇ ਇੱਧਰ-ਉੱਧਰ ਭੱਜਣ ਲੱਗੀਆਂ। ਹੀਰਾ ਸਿੰਘ ਬੱਕਰੀਆਂ ਨੂੰ ਜੰਗਲ ਵਿੱਚੋਂ ਚਰਾ ਕੇ ਸੜਕ ਉੱਤੇ ਆਇਆ ਸੀ।
ਇਸ ਦੌਰਾਨ ਕਿਸਾਨ ਹੀਰਾ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਤੇਂਦੂਏ ਦੇ ਡੰਡੇ ਮਾਰੇ ਕਿਉਂਕਿ ਤੇਂਦੂਏ ਨੇ ਇੱਕ ਬੱਕਰੀ ਨੂੰ ਆਪਣੇ ਮੂੰਹ ਵਿੱਚ ਦਬੋਚ ਲਿਆ ਸੀ। ਹਮਲੇ ਦੌਰਾਨ ਤੇਂਦੂਆ ਕਿਸਾਨ ਨੂੰ ਦੇਖ ਕੇ ਗੁਰਾਂਦਾ ਰਿਹਾ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨ ਦੀ ਬਹਾਦਰੀ ਨੂੰ ਦੇਖਦੇ ਹੋਏ ਉਸ ਦਾ ਸਨਮਾਨ ਵੀ ਕੀਤਾ ਜਾਵੇ। ਮੋਰਨੀ ਇਲਾਕੇ ਵਿੱਚ ਤੇਂਦੂਆਂ ਦੀ ਗਿਣਤੀ ਵਧ ਰਹੀ ਹੈ ਅਤੇ ਇਹ ਤੇਂਦੂਏ ਹਰ ਰੋਜ਼ ਕਿਸੇ ਨਾ ਕਿਸੇ ਉੱਤੇ ਹਮਲਾ ਕਰਦੇ ਰਹਿੰਦੇ ਹਨ। ਇਸ ਸਬੰਧੀ ਹਰਿਆਣਾ ਦਾ ਜੰਗਲੀ ਜੀਵ ਸੁਰੱਖਿਆ ਵਿਭਾਗ ਚੁੱਪ ਧਾਰੀ ਬੈਠਾ ਹੈ।