ਵੈਕਸੀਨ ਦੇ ਟਰਾਇਲ ਲਈ ਵੱਡੀ ਗਿਣਤੀ ਵਾਲੰਟੀਅਰ ਪਹੁੰਚੇ

ਵੈਕਸੀਨ ਦੇ ਟਰਾਇਲ ਲਈ ਵੱਡੀ ਗਿਣਤੀ ਵਾਲੰਟੀਅਰ ਪਹੁੰਚੇ

ਕੁਲਦੀਪ ਸਿੰਘ
ਚੰਡੀਗੜ੍ਹ, 26 ਸਤੰਬਰ

ਵਿਸ਼ਵ ਪੱਧਰ ’ਤੇ ਫੈਲੀ ਕਰੋਨਾ ਮਹਾਮਾਰੀ ਨੇ ਜਿੱਥੇ ਪੂਰੀ ਦੁਨੀਆਂ ਵਿੱਚ ਲੱਖਾਂ ਦੀ ਗਿਣਤੀ ’ਚ ਜਾਨਾਂ ਲੈ ਕੇ ਦਹਿਸ਼ਤ ਫੈਲਾ ਰੱਖੀ ਹੈ ਉਥੇ ਇਸ ਦੀ ਵੈਕਸੀਨ ਲਈ ਵੱਡੇ ਪੱਧਰ ’ਤੇ ਵਾਲੰਟੀਅਰ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ਦੇ ਪੀਜੀਆਈ ’ਚ ਬੀਤੇ ਕੱਲ੍ਹ ਇਸ ਦੀ ਵੈਕਸੀਨ ਲਈ ਟਰਾਈਲ ਸ਼ੁਰੂ ਕੀਤਾ ਗਿਆ ਤੇ ਇਸ ਸਬੰਧੀ ਤਿੰਨ ਨੌਜਵਾਨਾਂ ਨੂੰ ਇਸ ਦੀ ਪਹਿਲੀ ਡੋਜ਼ ਦਿੱਤੀ ਗਈ ਸੀ। ਇਸੇ ਦੀ ਲਗਾਤਾਰਤਾ ’ਚ ਅੱਜ ਸ਼ਨੀਵਾਰ ਨੂੰ ਤਿੰਨ ਹੋਰ ਵਾਲੰਟੀਅਰਾਂ ਨੂੰ ਪਹਿਲੀ      ਡੋਜ਼ ਦਿੱਤੀ ਗਈ ਹੈ। ਇਸ ਦੇ ਨਾਲ ਹੀ 36 ਵਾਲੰਟੀਅਰਾਂ ਦੀ ਸਕਰੀਨਿੰਗ ਕਰ ਲਈ ਗਈ ਹੈ ਜਿਨ੍ਹਾਂ ਵਿੱਚੋਂ 10 ਵਾਲੰਟੀਅਰਾਂ ਦੀ ਡੋਜ਼ ਦੇਣ ਵਾਸਤੇ ਚੋਣ    ਕਰ ਲਈ ਗਈ ਹੈ।

ਪੀਜੀਆਈ ਦੇ ਸੂਤਰਾਂ ਤੋਂ ਜਾਣਕਾਰੀ ਮੁਤਾਬਕ ਸੰਸਥਾ ਕੋਲ ਵੈਕਸੀਨ ਦੀ ਟੈਸਟਿੰਗ ਲਈ ਹੁਣ ਤੱਕ 400 ਦੇ ਕਰੀਬ ਵਾਲੰਟੀਅਰਾਂ ਦੀ ਲਿਸਟ ਤਿਆਰ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਕੁੱਲ 253 ਵਾਲੰਟੀਅਰਾਂ ਦੇ ਸੈਂਪਲ ਲਏ ਜਾਣੇ ਹਨ। ਦੋ ਦਿਨਾਂ ਵਿੱਚ ਕੁੱਲ 6 ਵਾਲੰਟੀਅਰਾਂ ਨੂੰ ਇਹ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਾਲੰਟੀਅਰਾਂ ਨੂੰ ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ 28 ਦਿਨਾਂ ਤੱਕ ਦੇਖ-ਰੇਖ ਹੇਠ ਰੱਖਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਨੂੰ ਦੂਜੀ ਡੋਜ਼ ਦਿੱਤੀ ਜਾਵੇਗੀ ਅਤੇ ਫਿਰ ਤੋਂ 28 ਦਿਨਾਂ ਦੀ ਦੇਖ-ਰੇਖ ਹੇਠ ਰੱਖਿਆ ਜਾਵੇਗਾ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਨੂੰ ਵੈਕਸੀਨ ਦੀ ਵਜ੍ਹਾ ਨਾਲ ਕੋਈ ਸਮੱਸਿਆ ਤਾਂ ਨਹੀਂ ਆ ਰਹੀ। ਉਸ ਉਪਰੰਤ ਇਨ੍ਹਾਂ ਦੇ ਖੂਨ ਦੇ ਸੈਂਪਲ ਲਏ ਜਾਣਗੇ। ਦੱਸਣਯੋਗ ਹੈ ਕਿ ਸੇਰਮ ਇੰਸਟੀਚਿਊਟ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੀ ਗਈ ਵੈਕਸੀਨ ਦੇ ਟੈਸਟਿੰਗ ਟਰਾਇਲ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਵੱਲੋਂ ਪੀ.ਜੀ.ਆਈ. ਨੂੰ ਵੀ ਚੁਣਿਆ ਗਿਆ ਸੀ।  ਪੀ.ਜੀ.ਆਈ. ਵੱਲੋਂ ਇਸ ਵੈਕਸੀਨ ਲਈ ਟਰਾਇਲ ਦੇ ਇੱਛੁਕ ਲੋਕਾਂ ਨੂੰ ਬੁਲਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ ਜਿਸ ਦੌਰਾਨ ਇੱਛੁਕ ਵਾਲੰਟੀਅਰਾਂ ਤੋਂ ਬਕਾਇਦਾ ਸਹਿਮਤੀ ਫਾਰਮ ਭਰਵਾਉਣ ਉਪਰੰਤ ਸਾਰੇ ਟੈਸਟ ਕੀਤੇ ਜਾਣੇ ਹਨ। ਇਹ ਵੀ ਦੱਸਣਯੋਗ ਹੈ ਕਿ ਪੂਰੀ ਤਰ੍ਹਾਂ ਤੰਦਰੁਸਤ ਵਿਅਕਤੀ ਉਤੇ ਹੀ ਇਹ ਟਰਾਇਲ ਹੋਣਗੇ ਅਤੇ ਨਾ ਤਾਂ ਉਹ ਵਿਅਕਤੀ ਖੁਦ ਕਰੋਨਾ ਪਾਜ਼ੇਟਿਵ ਹੋਣਾ ਚਾਹੀਦਾ ਹੈ ਅਤੇ ਨਾ ਹੀ ਉਸ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਕਰੋਨਾ ਹੋਇਆ ਹੋਣਾ ਚਾਹੀਦਾ ਹੈ। ਟੈਸਟਿੰਗ ਟਰਾਇਲ ਵਿੱਚ ਸ਼ਾਮਲ ਹੋਣ ਵਾਲੇ ਵਾਲੰਟੀਅਰਾਂ ਦੀ ਪਛਾਣ ਪੀ.ਜੀ.ਆਈ. ਵੱਲੋਂ ਗੁਪਤ ਰੱਖੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All