ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਕਤੂਬਰ
ਸਥਾਨਕ ਡੱਡੂਮਾਜਰਾ ਕਲੋਨੀ ਵਿੱਚ ਸਥਿਤ ਪਾਰਕ ਦੇ ਨਜ਼ਦੀਕ ਪਾਈਪ ਪਾਉਣ ਲਈ ਕੀਤੇ ਖੱਡੇ ਵਿੱਚ ਡਿੱਗਣ ਕਰਕੇ ਮਜ਼ਦੂਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਮਨੀਸ਼ ਯਾਦਵ ਵਜੋਂ ਹੋਈ ਹੈ ਜੋ ਕਿ ਸੈਕਟਰ-39 ਵਿੱਚ ਰਹਿੰਦਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਲੋਆ ਦੀ ਪੁਲੀਸ ਨੇ ਸਾਈਟ ਮੈਨੇਜਰ ਸਣੇ ਦੋ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਡੱਡੂਮਾਜਰਾ ਕਲੋਨੀ ਵਿੱਚ ਪਾਈਪ ਪਾਉਣ ਲਈ ਖੱਡੇ ਪੱਟੇ ਹੋਏ ਹਨ। ਇਸ ਦੌਰਾਨ ਮਨੀਸ਼ ਖੱਡੇ ਵਿੱਚ ਡਿੱਗ ਗਿਆ ਜਿਸ ਨੂੰ ਉਸ ਦੇ ਭਰਾ ਦਰੋਗਾ ਯਾਦਵ ਵੱਲੋਂ ਹੋਰਨਾਂ ਮਜ਼ਦੂਰਾਂ ਦੀ ਮਦਦ ਨਾਲ ਭਾਰੀ ਮੁਸ਼ੱਕਤ ਤੋਂ ਬਾਅਦ ਕੱਢ ਕੇ ਸੈਕਟਰ-38 ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਮਲੋਆ ਦੀ ਪੁਲੀਸ ਨੇ ਮ੍ਰਿਤਕ ਦੇ ਭਰਾ ਦਰੋਗਾ ਯਾਦਵ ਦੀ ਸ਼ਿਕਾਇਤ ’ਤੇ ਸਾਈਟ ਮੈਨੇਜਰ ਪਿਉਸ਼ ਵਾਸੀ ਸੈਕਟਰ-40 ਅਤੇ ਉਸ ਦੇ ਭਰਾ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304 ਏ ਤਹਿਤ ਕੇਸ ਦਰਜ ਕਰ ਦਿੱਤਾ ਹੈ।