ਹਰਦੇਵ ਚੌਹਾਨ
ਚੰਡੀਗੜ੍ਹ, 8 ਮਈ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਕੌਮਾਂਤਰੀ ‘ਮਾਂ ਦਿਵਸ’ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਉਥੇ ਹੀ ਪੰਜਾਬ ਕਲਾ ਭਵਨ ਵਿੱਚ ਰੰਧਾਵਾ ਆਡੀਟੋਰੀਅਮ ਵਿੱਚ ਸ਼ਿਵ ਕੁਮਾਰ ਦੀ 49ਵੀਂ ਬਰਸੀ ਮੌਕੇ ‘ਸ਼ਿਵ ਤੂੰ ਵਿਦਾ ਨਹੀਂ ਹੋਇਓਂ’ ਸਿਰਲੇਖ ਹੇਠ ਸ਼ਾਇਰ ਸ਼ਿਵ ਦੀਆਂ ਯਾਦਾਂ ਅਤੇ ਉਸ ਦੇ ਗੀਤਾਂ ਦੇ ਗਾਇਨ ਰਾਹੀਂ ਮਹਿਫ਼ਲ ਸਜਾਈ ਗਈ। ਸ਼ਿਵ ਦੀਆਂ ਯਾਦਾਂ ਨਾਲ ਸਬੰਧਤ ਸੈਸ਼ਨ ਦਾ ਆਗਾਜ਼ ਆਰਡੀ ਕੈਲੇ ਨੇ ਸ਼ਿਵ ਦੇ ਗੀਤ ‘ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ’ ਨਾਲ ਕੀਤਾ। ਸ਼ਿਵ ਦੇ ਗੀਤਾਂ ਨੂੰ ਸਿਮਰਜੀਤ ਗਰੇਵਾਲ, ਦਰਸ਼ਨ ਤ੍ਰਿਊਣਾ, ਬਲਵਿੰਦਰ ਢਿੱਲੋਂ, ਦਰਸ਼ਨ ਪਾਹਵਾ ਤੇ ਦਵਿੰਦਰ ਢਿੱਲੋਂ ਨੇ ਆਪਣੀ ਆਵਾਜ਼ ਵਿੱਚ ਗਾ ਕੇ ਸ਼ਿਵ ਨੂੰ ਸਾਹਮਣੇ ਲਿਆ ਬਿਠਾਇਆ। ਬਲਕਾਰ ਸਿੱਧੂ ਨੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਐੱਨਆਰਆਈ ਸ਼ਾਇਰਾ ਗੁਰਮੀਤ ਪਨਾਗ, ਗੁਰਿੰਦਰਜੀਤ ਸਿੰਘ ਕੱਕੜ, ਬਾਨੋ ਪੰਡਿਤਾ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਭਾਣਜੇ ਅਨੂਪ ਸ਼ਰਮਾ ਤੇ ਮਿਸਿਜ਼ ਅਨੂਪ ਸ਼ਰਮਾ ਦਾ ਨਿੱਘਾ ਸਵਾਗਤ ਕੀਤਾ। ਕੱਕੜ ਤੇ ਬਾਨੋ ਪੰਡਿਤਾ ਨੇ ਸ਼ਿਵ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਮੁੱਖ ਮਹਿਮਾਨ ਐੱਸਡੀ ਸ਼ਰਮਾ ਨੇ ਸ਼ਿਵ ਨਾਲ ਆਪਣੀ ਪਹਿਲੀ ਮੁਲਾਕਾਤ ਤੋਂ ਲੈ ਕੇ ਉਸ ਦੇ ਵਿਦਾ ਹੋਣ ਤੱਕ ਦੀ ਇਬਾਰਤ ਛੋਟੇ-ਛੋਟੇ ਕਿੱਸਿਆਂ ਦੇ ਰੂਪ ਵਿਚ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸ਼ਿਵ ਨੂੰ ਸਰੀਰਕ ਰੂਪ ਵਿਚ ਗਿਆਂ ਬੇਸ਼ੱਕ 49 ਵਰ੍ਹੇ ਹੋ ਗਏ ਪਰ ਪੰਜਾਬੀ ਸਾਹਿਤ ਨੂੰ ਜੋ ਸ਼ਿਵ ਦੀ ਦੇਣ ਹੈ, ਉਸ ਸਦਕਾ ਸ਼ਿਵ ਸਾਥੋਂ ਕਦੇ ਵੀ ਵਿਦਾ ਨਹੀਂ ਹੋ ਸਕਦਾ।
ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਮਾਂ ਹੋਣਾ ਦੁਨੀਆ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਇਕੱਲਿਆਂ ਆਪਣੇ ਬੱਚੇ ਪਾਲਣ ਵਾਲੀ ਹਰਲੀਨ ਸੋਨਾ, ਸੀਮਾ ਗਰੇਵਾਲ ਤੇ ਕਰਨਜੀਤ ਹੁਰਾਂ ਨੇ ਆਪਣੇ ਜੀਵਨ ਦੇ ਸੰਘਰਸ਼ਾਂ ਨੂੰ ਬਿਆਨ ਕਰਕੇ ਇਹ ਸਾਬਤ ਕੀਤਾ ਕਿ ਪਿਓ ਇਕੱਲਾ ਪਿਓ ਹੀ ਨਹੀਂ ਹੁੰਦਾ ਉਹ ਮਾਂ ਵੀ ਹੁੰਦਾ ਹੈ ਤੇ ਇਕੱਲੀ ਮਾਂ ਸਿਰਫ਼ ਮਾਂ ਹੀ ਨਹੀਂ ਹੁੰਦੀ ਉਹ ਪਿਓ ਵੀ ਹੁੰਦੀ ਹੈ।