ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 14 ਫ਼ਰਵਰੀ
ਇੱਥੇ ਮਨੀਮਾਜਰਾ ਪਿਪਲੀਵਾਲਾ ਟਾਉਨ ਦੇ ਇੱਕ ਪਲਾਟ ਵਿੱਚ ਅੱਗ ਲੱਗ ਗਈ। ਇਹ ਪਲਾਟ ਰੂੰ ਦੀ ਪਿੰਜਾਈ ਕਰਨ ਵਾਲਿਆਂ ਨੂੰ ਕਿਰਾਏ ’ਤੇ ਦਿੱਤਾ ਹੋਇਆ ਸੀ। ਇਥੇ ਕਿਰਾਏਦਾਰਾਂ ਨੇ ਟੀਨ ਦੇ ਆਰਜੀ ਸ਼ੈੱਡ ਬਣਾਏ ਹੋਏ ਸਨ।
ਅੱਗ ਲੱਗਣ ਦੀ ਘਟਨਾ ਵਿੱਚ ਰੂੰ ਪਿੰਜਾਈ ਕਰਨ ਵਾਲਾ ਇੱਕ ਕਾਮਾ ਝੁਲਸਿਆ ਗਿਆ ਅਤੇ ਉਸਨੂੰ ਇਲਾਜ ਲਈ ਸਰਕਾਰੀ ਮਲਟੀ ਸਪੇਸ਼ੀਅਲਿਟੀ ਹਸਪਤਾਲ ਸੈਕਟਰ 16 ਵਿੱਚ ਭੇਜ ਦਿੱਤਾ ਗਿਆ ਜਿਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸਦੇ ਨਾਲ ਹੀ ਪਲਾਟ ਵਿੱਚ ਲੱਗੀਆਂ ਰੂੰ ਪਿੰਜਾਈ ਦੀਆਂ 2 ਮਸ਼ੀਨਾਂ ਵੀ ਨੁਕਸਾਨੀਆਂ ਗਈਆਂ। ਰੂੰ ਪਿੰਜਾਈ ਵਾਲੇ ਇਸ ਪਲਾਟ ਵਿੱਚ ਅੱਗ ਦੀ ਸੂਚਨਾਂ ਮਿਲਣ ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਅੱਗ ਬੁਝਾਊ ਗੱਡੀਆਂ ਨੇ ਛੇਤੀ ਹੀ ਕਾਬੂ ਪਾ ਲਿਆ। ਅੱਗ ਨਾਲ ਝੁਲਸੇ ਰੂੰ ਪਿੰਜਾਈ ਵਾਲੇ ਕਾਮੇ ਦੀ ਪਛਾਣ ਸਾਹਿਲ ਹੁਸੈਨ ਵਜੋਂ ਹੋਈ ਹੈ।
ਰੂੰ ਪਿੰਜਾਈ ਕਰਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਅੱਗ ਲੱਗਣ ਨਾਲ ਇਥੇ ਰੱਖੀ ਲਗਪਗ 10 ਕੁਇੰਟਲ ਰੂੰ ਸੜ੍ਹ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਉਹ ਪਿੰਜੌਰ ਤੋਂ ਇਥੇ ਆਪਣੀ ਰੂੰ ਪਿੰਜਾਈ ਕਰਨ ਲਈ ਰੋਜਾਨਾ ਆਉਂਦੇ ਸਨ। ਅੱਗ ਲੱਗਣ ਦੀ ਘਟਨਾ ਬਾਰੇ ਸੂਚਨਾ ਮਿਲਣ ‘ਤੇ ਮਨੀਮਾਜਰਾ ਪੁਲੀਸ ਵੀ ਮੌਕੇ ਤੇ ਪੁੱਜੀ ਅਤੇ ਰੂੰ ਦਾ ਕਮ ਕਰਨ ਵਾਲੇ ਕਾਮਿਆਂ ਦੇ ਬਿਆਨ ਦਰਜ ਕੀਤੇ। ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।