ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 17 ਮਈ
ਇੱਥੇ ਚੰਡੀਗੜ੍ਹ ਸਥਿਤ ਧਨਾਸ ਝੀਲ ਦੇ ਨਾਲ ਲੱਗਦੇ ਜੰਗਲੀ ਇਲਾਕੇ ਵਿੱਚ ਅੱਗ ਲੱਗ ਗਈ। ਅੱਗ ਕੁਝ ਹੀ ਦੇਰ ਵਿੱਚ ਲਗਪਗ 15 ਏਕੜ ਇਲਾਕੇ ਵਿੱਚ ਫੈਲ ਗਈ।
ਧਨਾਸ ਦੇ ਜੰਗਲੀ ਇਲਾਕੇ ਵਿੱਚ ਅੱਗ ਲੱਗਣ ਦੀ ਦੀ ਸੂਚਨਾ ਮਿਲਣ ’ਤੇ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿੰਗ ਦੀ ਅੱਗ ਬੁਝਾਊ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਜੰਗਲ ਵਿੱਚ ਵੱਡੀ ਗਿਣਤੀ ਵਿੱਚ ਦਰਖਤ ਅੱਗ ਦੀ ਭੇਟ ਚੜ੍ਹ ਚੁੱਕੇ ਸਨ। ਫਾਇਰ ਬ੍ਰਿਗੇਡ ਦੀ ਟੀਮ ਨੂੰ ਜੰਗਲ ਵਿੱਚ ਲਗਪਗ ਅੱਧੀ ਦਰਜਨ ਸੂਰ ਵੀ ਸੜੇ ਹੋਏ ਮਿਲੇ। ਫਿਲਹਾਲ ਇੱਥੇ ਜੰਗਲ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ।
ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਿਹਰ ਬਾਅਦ ਲਗਪਗ 3 ਵਜੇ ਨਿਗਮ ਦੇ ਫਾਇਰ ਬ੍ਰਿਗੇਡ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਧਨਾਸ ਝੀਲ ਨਾਲ ਲੱਗਦੇ ਜੰਗਲ ਵਿੱਚ ਅੱਗ ਲਗ ਗਈ ਹੈ। ਸੂਚਨਾ ਮਿਲਣ ’ਤੇ ਨਿਗਮ ਦੇ ਸੈਕਟਰ 38 ਅਤੇ ਸੈਕਟਰ 11 ਦੇ ਕੇਂਦਰਾਂ ਤੋਂ ਅੱਗ ਬੁਝਾਊ ਗੱਡੀਆਂ ਭੇਜੀਆਂ ਗਈਆਂ। ਲਗਪਗ ਸਵਾ ਘੰਟੇ ਤੋਂ ਬਾਅਦ ਅੱਗ ’ਤੇ ਕਾਬੂੂ ਪਾ ਲਿਆ ਗਿਆ। ਪਰ ਇਸ ਦੌਰਾਨ ਵੱਡੀ ਗਿਣਤੀ ਵਿੱਚ ਜੰਗਲ ਵਿੱਚ ਉੱਗੇ ਦਰਖਤ ਸੜ ਚੁੱਕੇ ਸਨ।