ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 3 ਅਕਤੂਬਰ
ਢਕੋਲੀ ਖੇਤਰ ਵਿੱਚ ਪੁਰਾਣੀ ਕਾਲਕਾ ਰੋਡ ’ਤੇ ਸਥਿਤ ਐੱਮ.ਐੱਸ. ਐਨਕਲੇਵ ਸੁਸਾਇਟੀ ਦੇ ਸਾਹਮਣੇ ਮਾਰਕੀਟ ਵਿੱਚ ਕਾਸਮੈਟਿਕ ਦੇ ਸ਼ੋਅਰੂਮ ਵਿੱਚ ਅੱਗ ਲੱਗ ਗਈ। ਇਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਨੇ ਤਕਰਬੀਨ ਦੋ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਉੱਕਤ ਮਾਰਕੀਟ ਵਿੱਚ ਰੇਅਰ ਕਾਸਮੈਟਿਕ ਸ਼ੋਅਰੂਮ ਵਿੱਚ ਤਕਰੀਬਨ ਪੌਣੇ ਚਾਰ ਵਜੇ ਬਿਜਲੀ ਦੀ ਤਾਰਾਂ ਵਿੱਚ ਅੱਗ ਲੱਗ ਗਈ। ਥੋੜ੍ਹੀ ਦੇਰ ਵਿੱਚ ਹੀ ਅੱਗ ਨੇ ਉੱਥੇ ਪਏ ਸਾਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ ’ਤੇ ਸ਼ੋਅਰੂਮ ਵਿੱਚ ਸੱਤ ਤੋਂ ਅੱਠ ਵਿਅਕਤੀ ਕੰਮ ਕਰ ਰਹੇ ਸਨ ਜਿਨ੍ਹਾਂ ਨੂੰ ਭਾਜੜਾਂ ਪੈ ਗਈਆਂ। ਅੱਗ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ। ਦੁਕਾਨ ਮਾਲਕ ਰਿਤੇਸ਼ ਨੇ ਦੱਸਿਆ ਕਿ ਉਹ ਕਾਸਮੈਟਿਕ ਦਾ ਆਨਲਾਈਨ ਕੰਮ ਕਰਦੇ ਹਨ। ਇੱਥੇ ਉਨ੍ਹਾਂ ਨੇ ਮਾਲ ਰੱਖਿਆ ਹੋਇਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ 10 ਤੋਂ 12 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਫਾਇਰ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਤਿੰਨ ਫਾਇਰ ਟੈਂਡਰਾਂ ਨਾਲ ਉਨ੍ਹਾਂ ਨੇ ਦੋ ਘੰਟੇ ਵਿੱਚ ਅੱਗ ’ਤੇ ਕਾਬੂ ਪਾ ਲਿਆ ਸੀ। ਉਨ੍ਹਾਂ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੁਢਲੀ ਜਾਂਚ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਅੱਗ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।