ਚੰਡੀਗੜ੍ਹ (ਮੁਕੇਸ਼ ਕੁਮਾਰ): ਇੱਥੋਂ ਦੇ ਸੈਕਟਰ-15 ਸਥਿਤ ਪਟੇਲ ਮਾਰਕੀਟ ਵਿੱਚ ਅੱਜ ਬਿਜਲੀ ਦੇ ਖੰਭੇ ’ਚੋਂ ਚੰਗਿਆੜੀ ਨਿਕਲਣ ਕਾਰਨ ਮਾਰਕੀਟ ਦੀਆਂ ਦੁਕਾਨਾਂ ਦੇ ਉੱਪਰ ਤਿਰਪਾਲਾਂ ਵਿੱਚ ਅੱਗ ਲੱਗ ਗਈ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 3:30 ਵਜੇ ਮਾਰਕੀਟ ਦੇ ਪਿਛਲੇ ਪਾਸੇ ਬਣੇ ਢਾਬਿਆਂ ’ਤੇ ਬਿਜਲੀ ਦੇ ਖੰਭੇ ’ਚੋਂ ਨਿਕਲਣ ਵਾਲੀ ਚੰਗਿਆੜੀ ਕਾਰਨ ਅੱਗ ਲੱਗਣਕਾਰਨ ਅਚਾਨਕ ਤਿੰਨ-ਚਾਰ ਦੁਕਾਨਾਂ ਦੀਆਂ ਤਿਰਪਾਲਾਂ ਅਤੇ ਹੇਠਾਂ ਰੱਖੀਆਂ ਕੁਝ ਕੁਰਸੀਆਂ ਨੂੰ ਅੱਗ ਲੱਗ ਗਈ। ਖੰਭੇ ’ਤੇ ਸਪਾਰਕਿੰਗ ਹੁੰਦੇ ਹੀ ਬਾਜ਼ਾਰ ’ਚ ਹਫੜਾ-ਦਫੜੀ ਮਚ ਗਈ। ਢਾਬਿਆਂ ਵਾਲਿਆਂ ਨੇ ਦੁਕਾਨ ਵਿੱਚ ਰੱਖੇ ਰਸੋਈ ਗੈਸ ਸਿਲੰਡਰ ਬਾਹਰ ਕੱਢੇ। ਸੂਚਨਾ ਮਿਲਣ ’ਤੇ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਅੱਗ ਕਾਰਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅੱਜ ਐਤਵਾਰ ਦੀ ਛੁੱਟੀ ਹੋਣ ਕਾਰਨ ਬਾਜ਼ਾਰ ਵਿੱਚ ਕਾਫ਼ੀ ਭੀੜ ਸੀ, ਪਰ ਅੱਗ ਨੂੰ ਜਲਦੀ ਹੀ ਬੁਝਾ ਦਿੱਤਾ ਗਿਆ।