ਮੁਕੇਸ਼ ਕੁਮਾਰ
ਚੰਡੀਗੜ੍ਹ, 27 ਅਕਤੂਬਰ
ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਦੇ ਪਲਾਟ ਨੰਬਰ-91 ਵਿੱਚ ਸਥਿਤ ਸ਼ਰਾਬ ਫੈਕਟਰੀ ਵਿੱਚ ਵੀਰਵਾਰ ਦੁਪਹਿਰ ਨੂੰ ਅੱਗ ਲੱਗ ਗਈ ਜਿਸ ਨੇ ਫੈਕਟਰੀ ਦੀ ਇਮਾਰਤ ਦੀਆਂ ਤਿੰਨੋਂ ਮੰਜ਼ਿਲਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਅੱਗ ਦੀਆਂ ਲਪਟਾਂ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਇਸ ਦੌਰਾਨ ਝੁਲਸੇ ਚਾਰ ਵਿਅਕਤੀਆਂ ਨੂੰ ਸੈਕਟਰ 32 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੂੰ ਹੋਰ ਕੇਂਦਰਾਂ ਤੋਂ ਵੀ ਅੱਗ ਬੁਝਾਊ ਗੱਡੀਆਂ ਮੰਗਵਾਉਣੀਆਂ ਪਈਆਂ। ਦੇਰ ਰਾਤ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਅੱਗ ਅਜੇ ਵੀ ਸੁਲਗ ਰਹੀ। ਉਧਰ ਅੱਗ ਲੱਗਣ ਕਾਰਨ ਫੈਕਟਰੀ ਵਿੱਚ 4 ਜਣੇ ਫਸ ਗਏ ਸਨ। ਮੌਕੇ ’ਤੇ ਹਾਜ਼ਰ ਥਾਣਾ ਇੰਡਸਟਰੀਅਲ ਏਰੀਆ ਦੇ ਫਾਇਰ ਵਿੰਗ ਦੇ ਮੁਲਾਜ਼ਮਾਂ ਨੇ 2 ਜਣਿਆਂ ਨੂੰ ਛੇਤੀ ਹੀ ਬਾਹਰ ਕੱਢ ਲਿਆ। ਇਸ ਤੋਂ ਬਾਅਦ ਬਾਕੀ 2 ਜਣਿਆਂ ਨੂੰ ਵੀ ਕਾਫੀ ਜਦੋ-ਜਹਿਦ ਤੋਂ ਬਾਅਦ ਫੈਕਟਰੀ ਤੋਂ ਬਾਹਰ ਕੱਢਿਆ ਗਿਆ। ਚਾਰੇ ਵਰਕਰਾਂ ਨੂੰ ਸੈਕਟਰ 32 ਵਿੱਚ ਇਲਾਜ ਲਈ ਭੇਜ ਦਿੱਤਾ ਗਿਆ। ਉਧਰ ਨਿਗਮ ਦੀ ਅੱਗ ਬੁਝਾਊ ਟੀਮ ਇੱਕ ਦਰਜਨ ਤੋਂ ਵੱਧ ਅੱਗ ਬੁਝਾਊ ਗੱਡੀਆਂ ਅਤੇ ਹੋਰ ਸਾਜ਼ੋ-ਸਾਮਾਨ ਨਾਲ ਅੱਗ ਨੂੰ ਕਾਬੂ ਪਾਉਣ ਵਿੱਚ ਜੁੱਟੀ ਰਹੀ। ਮੁੱਢਲੀ ਜਾਂਚ ’ਚ ਇਮਾਰਤ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪੁਲੀਸ ਅਤੇ ਫਾਇਰ ਵਿਭਾਗ ਦੀ ਟੀਮ ਲਗਾਤਾਰ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਧਰ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਆਸ-ਪਾਸ ਦੇ ਇਲਾਕਿਆਂ ਵਿੱਚ ਧੂੰਆਂ ਫੈਲ ਗਿਆ ਅਤੇ ਨੇੜੇ ਦੀਆਂ ਸੜਕਾਂ ’ਤੇ ਜਾਮ ਲੱਗ ਗਿਆ। ਦੱਸਿਆ ਜਾ ਰਿਹਾ ਹੈ ਜਿਸ ਸ਼ਰਾਬ ਫੈਕਟਰੀ ਵਿੱਚ ਅੱਗ ਲੱਗੀ, ਉਸ ਦਾ ਨਾਮ ਬੱਤਰਾ ਬ੍ਰਿਊਰੀ ਹੈ।