ਹਰਜੀਤ ਸਿੰਘ
ਜ਼ੀਰਕਪੁਰ, 13 ਸਤੰਬਰ
ਬਲਟਾਣਾ ਫਰਨੀਚਰ ਮਾਰਕੀਟ ਵਿੱਚ ਅੱਜ ਸਵੇਰੇ ਇੱਕ ਫਰਨੀਚਰ ਦੀ ਦੁਕਾਨ ਵਿੱਚ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਤਿਆਰ ਅਤੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਅੱਗ ’ਤੇ ਕਾਬੂ ਪਾਉਣ ਲਈ ਡੇਰਾਬੱਸੀ, ਜ਼ੀਰਕਪੁਰ, ਪੰਚਕੂਲਾ ਅਤੇ ਮੁਹਾਲੀ ਤੋਂ ਇੱਕ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪੰਜ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਫਰਨੀਚਰ ਮਾਰਕੀਟ ਵਿੱਚ ਸਥਿਤ ਚਾਰ ਅਤੇ ਪੰਜ ਨੰਬਰ ਸ਼ੋਅਰੂਮ ਵਿੱਚ ਸਥਿਤ ਏ.ਕੇ. ਫਰਨੀਚਰ ਦੀ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਅਚਾਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਉਸਨੇ ਕੁਝ ਮਿੰਟਾਂ ਵਿੱਚ ਹੀ ਸਾਰੇ ਸ਼ੋਅਰੂਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮਾਲਕ ਮੋਹਿਤ ਕੁਮਾਰ ਨੇ ਦੱਸਿਆ ਕਿ ਉਸਨੇ ਰੋਜ਼ਾਨਾ ਵਾਂਗ ਨੌਂ ਵਜੇ ਦੁਕਾਨ ਖੋਲ੍ਹਿਆ ਸੀ। ਤੀਜੀ ਮੰਜ਼ਿਲ ’ਤੇ ਸੋਫੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਜਿੱਥੇ ਤਕਰੀਬਨ ਪੌਣੇ 11 ਵਜੇ ਫੋਮ ਨੇ ਅਚਾਨਕ ਅੱਗ ਫੜ ਲਈ। ਪਲਾਂ ਵਿੱਚ ਹੀ ਅੱਗ ਨੇ ਭਿਆਨਕ ਰੂਪ ਧਾਰ ਲਿਆ।
ਜ਼ੀਰਕਪੁਰ ਫਾਇਰ ਅਫ਼ਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਤੁਰੰਤ ਮੌਕੇ ’ਤੇ ਪਹੁੰਚ ਗਏ ਸੀ। ਉਨ੍ਹਾਂ ਨੇ ਕਿਹਾ ਕਿ ਕੁੱਲ 12 ਤੋਂ ਵੱਧ ਗੱਡੀਆਂ ਨੇ ਪੰਜ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਦੁਕਾਨ ਵਿੱਚ ਅੱਗ ਬੁਝਾਉਣ ਲਈ ਕੋਈ ਪ੍ਰਬੰਧ ਨਹੀਂ ਸੀ ਜਦਕਿ ਨਿਯਮ ਮੁਤਾਬਕ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਨੂੰ ਫਾਇਰ ਬ੍ਰਿਗੇਡ ਤੋਂ ਐੱਨ.ਓ.ਸੀ. ਲੈਣੀ ਲਾਜ਼ਮੀ ਹੈ ਜੋ ਕਿਸੇ ਵੀ ਦੁਕਾਨਦਾਰ ਨੇ ਨਹੀਂ ਲਈ ਹੋਈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਹੋਰ ਦੁਕਾਨਾਂ ਵੀ ਲਪੇਟ ਵਿੱਚ ਆ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਅੱਗ ਸ਼ਾਰਟ ਸਰਕਟ ਨਾਲ ਲੱਗੀ ਜਾਪਦੀ ਹੈ।