ਮੁਕੇਸ਼ ਕੁਮਾਰ
ਚੰਡੀਗੜ੍ਹ, 22 ਜੂਨ
ਚੰਡੀਗੜ੍ਹ ਦੇ ਸੈਕਟਰ-53 ਸਥਿਤ ਫ਼ਰਨੀਚਰ ਮਾਰਕੀਟ ’ਚ ਅੱਜ ਦੁਪਹਿਰ ਬਾਅਦ ਲੱਗੀ ਅੱਗ ਨਾਲ ਇੱਕ ਦਰਜਨ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਕਾਰਨ ਦੁਕਾਨਾਂ ’ਚ ਰੱਖਿਆ ਲੱਖਾਂ ਰੁਪਏ ਦਾ ਫ਼ਰਨੀਚਰ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਅੰਦਾਜਾ ਹੈ। ਕਿਸੇ ਵੀ ਤਰ੍ਹਾਂ ਦੇ ਜਾਣੀ ਨੁਕਸਾਨ ਤੋਂ ਬਚਾਅ ਹੋ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਇਥੇ ਫ਼ਰਨੀਚਰ ਮਾਰਕੀਟ ਦੀ ਇੱਕ ਦੁਕਾਨ ’ਚ ਅਚਾਨਕ ਅੱਗ ਲੱਗ ਗਈ ਤੇ ਕੁਝ ਹੀ ਪਲਾਂ ’ਚ ਕਈ ਦੁਕਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਫ਼ਰਨੀਚਰ ਦੀਆਂ ਦੁਕਾਨਾਂ ’ਚ ਰੱਖੇ ਲੱਕੜ ਦੇ ਸਾਮਾਨ ਤੇ ਹੋਰ ਜਲਣਸ਼ੀਲ ਸਾਮਾਨ ਨੇ ਤੇਜ਼ੀ ਨਾਲ ਅੱਗ ਫੜ ਲਈ ਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਮਾਰਕੀਟ ਦੀਆਂ ਦੁਕਾਨਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਭਾਜੜਾਂ ਪੈ ਗਈਆਂ ਤੇ ਉਥੇ ਕੰਮ ਕਰਦੇ ਕਾਰੀਗਰਾਂ ’ਚ ਭਗਦੜ ਮੱਚ ਗਈ। ਹਰ ਕੋਈ ਅੱਗ ਤੋਂ ਬਚਣ ਲਈ ਆਪੋ-ਆਪਣੀ ਦੁਕਾਨ ’ਚ ਰੱਖੇ ਸਾਮਾਨ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਂ ’ਤੇ ਸੁੱਟਣ ’ਚ ਜੁਟ ਗਿਆ। ਪਰ ਅੱਗ ਦੀਆਂ ਤੇਜ਼ ਲਪਟਾਂ ਕਾਰਨ ਦੁਕਾਨਦਾਰਾਂ ਦੀ ਪੇਸ਼ ਨਹੀਂ ਚੱਲੀ ਤੇ ਵੱਡੀ ਮਾਤਰਾ ’ਚ ਦੁਕਾਨਾਂ ਅੰਦਰ ਪਿਆ ਫ਼ਰਨੀਚਰ ਤੇ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ। ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ, ਉਦੋਂ ਤੱਕ ਅੱਗ ਨੇ ਮਾਰਕੀਟ ਦੀਆਂ ਕਈ ਦੁਕਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ। ਕੁਝ ਹੀ ਪਲਾਂ ’ਚ ਅੱਗ ਇੱਕ ਦਰਜਨ ਦੁਕਾਨਾਂ ਤੱਕ ਫੈਲ ਗਈ ਤੇ ਅੱਗ ਦੀਆਂ ਲਪਟਾਂ ਮਾਰਕੀਟ ਦੀਆਂ ਦੁਕਾਨਾਂ ਦੇ ਅਗਲੇ ਪਿਛਲੇ ਹਿੱਸੇ ਤੱਕ ਉਠ ਰਹੀਆਂ ਸੀ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਬੁਝਾਉਣ ’ਚ ਕਾਫੀ ਮੁਸ਼ੱਕਤ ਕਰਨੀ ਪਈ ਤੇ ਦੇਰ ਸ਼ਾਮ ਤੱਕ ਯਤਨ ਜਾਰੀ ਸਨ। ਨਗਰ ਨਿਗਮ ਦੇ ਚੀਫ਼ ਫਾਇਰ ਅਫ਼ਸਰ ਰੋਹਿਤ ਗੁਪਤਾ ਵੀ ਮੌਕੇ ’ਤੇ ਪੁੱਜੇ ਤੇ ਅੱਗ ਬੁਝਾਉਣ ਲਈ ਕੀਤੇ ਜਾ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਚੰਡੀਗੜ੍ਹ ਸਿਵਲ ਡਿਫੈਂਸ ਤੋਂ ਸੰਜੀਵ ਕੋਹਲੀ ਵੀ ਆਪਣੀ ਟੀਮ ਸਮੇਤ ਮੌਕੇ ’ਤੇ ਪੁਜੇ ਤੇ ਅੱਗ ਬੁਝਾਉਣ ਲਈ ਕੀਤੇ ਜਾ ਰਹੇ ਬਚਾਅ ਕਾਰਜਾਂ ’ਚ ਜੁੱਟ ਗਏ। ਅੱਗ ਤੋਂ ਪੀੜਤ ਦੁਕਾਨਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਸੈਕਟਰ-53 ਵਾਲੀ ਸਾਈਡ ਸਥਿਤ ਫਰਨੀਚਰ ਮਾਰਕੀਟ ਦੀ ਦੁਕਾਨ ਨੰਬਰ 7 ਦੇ ਪਿਛਲੇ ਹਿੱਸੇ ’ਚ ਅੱਗ ਲੱਗੀ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਸਾਰੇ ਲੋਕ ਆਪਣੀਆਂ ਦੁਕਾਨਾਂ ਤੋਂ ਬਾਹਰ ਭੱਜੇ ਤਾਂ ਦੇਖਦੇ ਹੀ ਦੇਖਦੇ ਅੱਗ ਨੇ ਮਾਰਕੀਟ ਦੀਆਂ ਕਈਂ ਦੁਕਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਦੁਕਾਨਦਾਰਾਂ ਨੇ ਦੁਕਾਨਾਂ ’ਚੋਂ ਸਾਮਾਨ ਬਾਹਰ ਕੱਢ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਤੇਜ਼ੀ ਨਾਲ ਭੜਕੀ ਕਿ ਦੁਕਾਨਦਾਰਾਂ ਨੂੰ ਸਾਮਾਨ ਬਾਹਰ ਕੱਢਣ ਲਈ ਮੌਕਾ ਹੀ ਨਹੀਂ ਮਿਲਿਆ ਤੇ ਦੁਕਾਨਾਂ ’ਚ ਪਿਆ ਸਾਮਾਨ ਸੜ ਗਿਆ। ਮਾਰਕੀਟ ਦੀਆਂ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਤਮਾਸ਼ਬੀਨਾਂ ਦੀ ਭੀੜ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਪੁੱਜਣ ਲਈ ਕਰਨੀ ਪਈ ਜੱਦੋ-ਜਹਿਦ
ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਚੰਡੀਗੜ੍ਹ ਫਾਇਰ ਵਿਭਾਗ ਦੀਆਂ ਮਨੀਮਾਜਰਾ, ਸੈਕਟਰ 32 ਸੈਕਟਰ 17 ਦੇ ਫੇਅਰ ਸਟੇਸ਼ਨਾਂ ਤੋਂ ਦਰਜਨ ਭਰ ਗੱਡੀਆਂ ਮੌਕੇ ’ਤੇ ਪੁੱਜੀਆਂ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਦੇਰ ਸ਼ਾਮ ਤੱਕ ਅੱਗ ’ਤੇ ਕਾਫੀ ਕਾਬੂ ਪਾਇਆ ਜਾ ਸਕਿਆ। ਦੂਜੇ ਪਾਸੇ ਅੱਗ ਲੱਗਣ ਵਾਲੀ ਥਾਂ ਦੇ ਆਲੇ-ਦੁਆਲੇ ਤਮਾਸ਼ਬੀਨ ਲੋਕਾਂ ਦੀ ਭੀੜ ਲੱਗ ਗਈ। ਫਰਨੀਚਰ ਮਾਰਕੀਟ ਦੇ ਨਾਲ ਲੱਗਦੇ ਸੈਕਟਰ 53/54/41/42 ਚੌਕ ’ਤੇ ਵਾਹਨਾਂ ਦਾ ਜਾਮ ਲੱਗਿਆ ਰਿਹਾ ਤੇ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਪੁੱਜਣ ਲਈ ਜੱਦੋ-ਜਹਿਦ ਕਰਨੀ ਪਈ। ਅੱਗ ਨੇ ਮਾਰਕੀਟ ਦੀਆਂ ਦੁਕਾਨਾਂ ਨੂੰ ਅੱਗੇ ਤੋਂ ਲੈ ਕੇ ਪਿਛਲੇ ਹਿੱਸੇ ਤੱਕ ਪੂਰੀ ਤਰ੍ਹਾਂ ਨਾਲ ਆਪਣੀ ਲਪੇਟ ਵਿੱਚ ਲੈ ਲਿਆ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ੱਕਤ ਨਾਲ ਮਾਰਕੀਟ ਦੇ ਪਿਛਲੇ ਪਾਸੇ ਜੰਗਲੀ ਖੇਤਰ ਵਿੱਚ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਸ਼ਹਿਰ ਦੀ ਮੇਅਰ ਸਰਬਜੀਤ ਢਿੱਲੋਂ ਵੀ ਮੌਕੇ ਉੱਤੇ ਪੁੱਜੇ
ਚੰਡੀਗੜ੍ਹ ਦੀ ਸੈਕਟਰ-53 ਦੀ ਫ਼ਰਨੀਚਰ ਮਾਰਕੀਟ ’ਚ ਲੱਗੀ ਭਿਆਨਕ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸ਼ਹਿਰ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਨੇ ਮੌਕੇ ’ਤੇ ਪੁਜੇ ਕੇ ਪੀੜਤ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਚੰਡੀਗੜ੍ਹ ਪ੍ਰਸ਼ਾਸਨ ਨਾਲ ਗੱਲ ਕਰਕੇ ਮਾਰਕੀਟ ਵਿੱਚ ਵਾਰ ਵਾਰ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਨੂੰ ਯਕੀਨੀ ਬਣਾਉਣ ਲਈ ਗੱਲਬਾਤ ਕਰਨਗੇ।