ਮੁਕੇਸ਼ ਕੁਮਾਰ
ਚੰਡੀਗੜ੍ਹ, 1 ਅਗਸਤ
ਚੰਡੀਗੜ੍ਹ ਦੇ ਸਾਰੰਗਪੁਰ ਨੇੜੇ ਫਰਨੀਚਰ ਮਾਰਕੀਟ ਵਿੱਚ ਲੰਘੀ ਦੇਰ ਰਾਤ ਅੱਗ ਲੱਗ ਗਈ ਅਤੇ ਲੱਖਾਂ ਰੁਪਏ ਦਾ ਫਰਨੀਚਰ ਅੱਗ ਦੀ ਭੇਟ ਚੜ੍ਹ ਗਿਆ। ਹਾਲਾਂਕਿ ਅੱਗ ਲੱਗਣ ਕਾਰਨ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਪਰ ਅੱਗ ਦੀ ਲਪੇਟ ਵਿੱਚ ਆਈਆਂ ਦੁਕਾਨਾਂ ਪੂਰੀ ਤਰ੍ਹਾਂ ਸੜ ਗਈਆਂ।
ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਲਗਪਗ ਦੋ ਵਜੇ ਧਨਾਸ ਦੀ ਮਾਰਬਲ ਮਾਰਕੀਟ ਨੇੜੇ ਸਾਰੰਗਪੁਰ ਦੀ ਫਰਨੀਚਰ ਮਾਰਕੀਟ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਮਿੰਟਾਂ ਵਿੱਚ ਅਚਾਨਕ ਵਿਸ਼ਾਲ ਰੂਪ ਧਾਰ ਲਿਆ। ਅੱਗ ਦੀਆਂ ਉੱਚੀਆਂ ਲਪਟਾਂ ਦੇਖ ਕੇ ਮਾਰਕੀਟ ਦੇ ਨੇੜੇ ਰਹਿ ਰਹੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ, ਜਿਨ੍ਹਾਂ ਤੁਰੰਤ ਐਮਰਜੰਸੀ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਇਸ ਮਗਰੋਂ ਵੱਖ ਵੱਖ ਅੱਗ ਬੁਝਾਊ ਕੇਂਦਰਾਂ ਤੋਂ ਆਈਆਂ 11 ਗੱਡੀਆਂ ਅੱਗ ਬੁਝਾਉਣ ਵਿੱਚ ਜੁਟ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਅੱਜ ਅਗਲੇ ਦਿਨ ਐਤਵਾਰ ਨੂੰ ਵੀ ਸਵੇਰ ਤੱਕ ਸੁਲਘ ਰਹੀ ਸੀ। ਸੜੀਆਂ ਦੁਕਾਨਾਂ ਦੇ ਪੀੜਿਤ ਦੁਕਾਨਦਾਰ ਅਤੇ ਕਰਮਚਾਰੀ ਅੱਜ ਸਵੇਰੇ ਦੁਕਾਨਾਂ ਵਿੱਚ ਪਿਆ ਬਚਿਆ ਖੁਚਿਆ ਸਾਮਾਨ ਸਮੇਟਣ ਵਿੱਚ ਜੁਟੇ ਰਹੇ। ਦੱਸਿਆ ਜਾ ਰਿਹਾ ਕਿ ਅੱਗ ਲੱਗਣ ਦੇ ਘਟਨਾ ਨਾਲ ਦੁਕਾਨਦਾਰਾਂ ਨੂੰ ਲਗਪਗ ਡੇਢ ਤੋਂ ਦੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮਾਰਕੀਟ ਦੇ ਇੱਕ ਦੁਕਾਨਦਾਰ ਨੇ ਦੱਸਿਆ ਉਸ ਨੂੰ ਲੰਘੀ ਰਾਤ ਲਗਪਗ ਢਾਈ ਵਜੇ ਕਿਸੇ ਨੇ ਅੱਗ ਲੱਗਣ ਸਬੰਧੀ ਜਾਣਕਾਰੀ ਦਿੱਤੀ ਜਿਸ ’ਤੇ ਉਹ ਤੁਰੰਤ ਘਰੋਂ ਸਾਰੰਗਪੁਰ ਵੱਲ ਭੱਜਿਆ। ਜਦੋਂ ਉਹ ਮਾਰਕੀਟ ਵਿੱਚ ਪਹੁੰਚਿਆ ਤਾਂ ਉਸ ਦੇਖਿਆ ਕਿ ਅੱਗ ਨੇ ਭਿਆਨਕ ਰੂਪ ਧਾਰ ਲਿਆ ਸੀ ਅਤੇ ਉਸ ਦੀ ਦੁਕਾਨ ਉਸ ਦੀਆਂ ਅੱਖਾਂ ਸਾਹਮਣੇ ਹੀ ਸੜ ਕੇ ਸੁਆਹ ਹੋ ਗਈ ਅਤੇ ਉਹ ਕੁਝ ਵੀ ਨਹੀਂ ਕਰ ਸਕਿਆ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਨਗਰ ਨਿਗਮ ਦੇ ਫਾਇਰ ਬ੍ਰਿਗੇਡ ਨੇ ਜਦੋਂ ਤਕ ਅੱਗ ਤੇ ਕਾਬੂ ਪਾਇਆ ਤੱਦ ਤੱਕ ਅੱਗ ਮਾਰਕੀਟ ਦੀਆਂ ਨੌਂ ਦੁਕਾਨਾਂ ਨੂੰ ਆਪਣੇ ਚਪੇਟ ਵਿੱਚ ਲੈ ਚੁੱਕੀ ਸੀ। ਮਾਰਕੀਟ ਵਿੱਚ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।