ਹਰਜੀਤ ਸਿੰਘ
ਡੇਰਾਬੱਸੀ, 3 ਜੁਲਾਈ
ਇੱਥੋਂ ਨੇੜਲੇ ਪਿੰਡ ਫਤਿਹਪੁਰ ਜੱਟਾਂ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜਕੇ ਸੁਆਹ ਹੋ ਗਿਆ। ਡੇਰਾਬੱਸੀ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਸਾਰਾ ਸਾਮਾਨ ਸੜਕੇ ਸੁਆਹ ਹੋ ਚੁੱਕਾ ਸੀ। ਪੁਲੀਸ ਨੇ ਸੂਚਨਾ ਮਿਲਣ ਮਗਰੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਦੁਕਾਨਦਾਰ ਸੁਸ਼ੀਲ ਕੁਮਾਰ ਦੇ ਭਰਾ ਧਰਮਪਾਲ ਨੇ ਦੱਸਿਆ ਕਿ ਉਸ ਦਾ ਭਰਾ ਤਕਰੀਬਨ ਅੱਠ ਸਾਲਾਂ ਤੋਂ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰ ਰਿਹਾ ਹੈ।
ਲੰਘੀ ਰਾਤ ਉਸ ਵੱਲੋਂ ਰੋਜ਼ਾਨਾ ਵਾਂਗ ਦੁਕਾਨ ਬੰਦ ਕੀਤੀ ਗਈ ਸੀ। ਰਾਤ ਕਰੀਬ 11 ਵਜੇ ਗੁਆਂਢੀਆਂ ਨੇ ਸੂਚਨਾ ਦਿੱਤੀ ਕਿ ਦੁਕਾਨ ਵਿੱਚ ਅੱਗ ਲੱਗ ਗਈ ਹੈ। ਜਦੋਂ ਤੱਕ ਉਹ ਮੌਕੇ ’ਤੇ ਪਹੁੰਚੇ ਤਾਂ ਸਾਰਾ ਸਾਮਾਨ ਸੜ ਚੁੱਕਾ ਸੀ। ਅੱਗ ਲੱਗਣ ਦੇ ਕਾਰਨ ਹਾਲੇ ਸਾਹਮਣੇ ਨਹੀਂ ਆਏ। ਧਰਮਪਾਲ ਨੇ ਦੱਸਿਆ ਕਿ ਦੁਕਾਨ ਵਿੱਚ ਤਕਰੀਬਨ ਦੋ ਲੱਖ ਰੁਪਏ ਦਾ ਮਾਲ ਪਿਆ ਸੀ ਜੋ ਸਾਰਾ ਸੜ ਗਿਆ। ਉਸਨੇ ਦੱਸਿਆ ਕਿ ਉਸਦੇ ਪਰਿਵਾਰ ਦਾ ਸਾਰਾ ਖਰਚ ਇਸੇ ਦੁਕਾਨ ਤੋਂ ਚੱਲਦਾ ਸੀ ਜਿਸ ਕੋਲ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਹੈ।
ਖਾਨਪੁਰ ਦੇ ਡੰਪਿੰਗ ਗਰਾਊਂਡ ਵਿੱਚ ਅੱਗ ਲੱਗੀ
ਖਰੜ (ਸ਼ਸ਼ੀ ਪਾਲ ਜੈਨ): ਇੱਥੋਂ ਨੇੜਲੇ ਪਿੰਡ ਖਾਨਪੁਰ ਵਿੱਚ ਸਥਿਤ ਡੰਪਿੰਗ ਗਰਾਊਂਡ ਵਿੱਚ ਪਿਛਲੇ 15 ਦਿਨਾਂ ਤੋਂ ਸੁਲਗ ਰਹੀ ਅੱਗ ਨੇ ਬੀਤੀ ਰਾਤ ਭਿਆਨਕ ਰੂਪ ਲੈ ਲਿਆ। ਅੱਗ ਦੀ ਲਪਟਾਂ 200 ਮੀਟਰ ਤੋਂ ਦਿਖਾਈ ਦੇ ਰਹੀਆਂ ਸਨ। ਜਾਣਕਾਰੀ ਅਨੁਸਾਰ ਦਰਪਣ ਸਿਟੀ ਦੇ ਨਿਵਾਸੀਆਂ ਨੇ ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਨਾਲ ਗੱਲ ਵੀ ਕੀਤੀ ਪਰ ਇਸ ਸਬੰਧੀ ਕੋਈ ਵੀ ਅਜੇ ਤੱਕ ਠੋਸ ਕਦਮ ਨਹੀਂ ਚੁੱਕਿਆ ਗਿਆ। ਦਰਪਣ ਸਿਟੀ ਵਾਸੀ ਐਡਵੋਕੇਟ ਵਰੁਨ ਵਿਨਾਇਕ, ਜਰਨੈਲ ਸਿੰਘ ਅਤੇ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਵਿਧਾਇਕ ਕੰਵਰ ਸੰਧੂ ਨੂੰ ਵੀ ਇਹ ਮੌਕਾ ਦਿਖਾਇਆ ਗਿਆ ਸੀ ਜਿਨ੍ਹਾਂ ਵਿਸ਼ਵਾਸ ਦਿਵਾਇਆ ਸੀ ਕਿ ਇਸ ਸਮੱਸਿਆ ਦਾ ਹੱਲ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ 10 ਦਿਨਾਂ ਵਿੱਚ 6-7 ਵਾਰ ਫਾਇਰ ਬਿ੍ਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦਾ ਯਤਨ ਕਰ ਚੁੱਕੀਆਂ ਹਨ।