ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 26 ਮਾਰਚ
ਪੰਜਾਬੀ ਗਾਇਕ ਜੈਜ਼ੀ ‘ਬੀ’ ਆਪਣੇ ਨਵੇਂ ਆਏ ਗੀਤ ‘ਮੜਕ ਸ਼ੌਕੀਨਾਂ ਦੀ ਤੂੰ ਕੀ ਜਾਣਦੀ ਭੇਡੇ’ ਨੂੰ ਲੈ ਕੇ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ 10 ਮਾਰਚ ਨੂੰ ਰਿਲੀਜ਼ ਹੋਏ ਇਸ ਗੀਤ ਵਿੱਚ ਜੈਜ਼ੀ ‘ਬੀ’ ਨੇ ਔਰਤ ਨੂੰ ‘ਭੇਡੇ’ ਕਹਿ ਕਿ ਸੰਬੋਧਨ ਕੀਤਾ ਹੈ। ਇਸ ਲਈ ਕੁਝ ਜਾਗਰੂਕ ਔਰਤਾਂ ਵੱਲੋਂ ਗਾਇਕ ਜੈਜ਼ੀ ਬੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਵੀ ਉਸ ਦਾ ਪੁਤਲਾ ਫੂਕਿਆ ਗਿਆ ਹੈ। ਔਰਤਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਹੈ। ਆਪਣਾ ਵਿਰੋਧ ਪ੍ਰਗਟ ਕਰਨ ਲਈ ਅੱਜ ਦਿਸ਼ਾ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਔਰਤਾਂ ਦੇ ਇੱਕ ਇਕੱਠ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਪਹੁੰਚ ਕਰ ਕੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੂੰ ਟਰੱਸਟ ਵੱਲੋਂ ਇੱਕ ਮੰਗ ਪੱਤਰ ਦੇ ਕੇ ਗਾਇਕ ਜੈਜ਼ੀ ਬੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਮਹਿਲਾ ਕਮਿਸ਼ਨ ਦੀ ਮੁਖੀ ਰਾਜ ਲਾਲੀ ਗਿੱਲ ਵੱਲੋਂ ਟਰੱਸਟ ਨੂੰ ਭਰੋਸਾ ਦਿੱਤਾ ਗਿਆ ਕਿ ਗਾਇਕ ਜੈਜ਼ੀ ਬੀ ਨੂੰ ਇਸ ਸਬੰਧੀ ਕਮਿਸ਼ਨ ਵੱਲੋਂ ਨੋਟਿਸ ਭੇਜ ਕੇ ਜਵਾਬ ਤਲਬੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਾਇਕ ਜੈਜ਼ੀ ਬੀ ਵੱਲੋਂ ਗੀਤ ਵਿੱਚ ਵਰਤੀ ਗਈ ਸ਼ਬਦਾਵਲੀ ਨਿੰਦਣਯੋਗ ਹੈ ਜਿਸ ਦਾ ਨੋਟਿਸ ਜ਼ਰੂਰ ਲਿਆ ਜਾਵੇਗਾ।