ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 30 ਜੁਲਾਈ
ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਕਰਮਚਾਰੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਵਫ਼ਦ ਨੇ ਕਮੇਟੀ ਦੇ ਕਨਵੀਨਰ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਚੰਡੀਗੜ੍ਹ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਰੋਹੀਤ ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਸੌਂਪਿਆ। ਕਨਵੀਨਰ ਅਸ਼ਵਨੀ ਕੁਮਾਰ ਨੇ ਜੁਆਇੰਟ ਕਮਿਸ਼ਨਰ ਰੋਹਿਤ ਗੁਪਤਾ ਨੂੰ ਦੱਸਿਆ ਕਿ ਨਗਰ ਨਿਗਮ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਾਲਾਨਾ ਜਨਰਲ ਪ੍ਰੋਵੀਡੈਂਟ ਫ਼ੰਡ ਦੀ ਅਕਾਊਂਟ ਸਟੇਟਮੈਂਟ ਪਿਛਲੇ ਦੋ ਸਾਲਾਂ ਤੋਂ ਨਹੀਂ ਮਿਲ ਰਹੀ, ਜਿਸ ਕਾਰਨ ਨਿਗਮ ਦੇ ਕਰਮਚਾਰੀਆਂ ਵਿੱਚ ਰੋਸ ਹੈ। ਉਨ੍ਹਾਂ ਰੋਹਿਤ ਗੁਪਤਾ ਨੂੰ ਅਪੀਲ ਕੀਤੀ ਕਿ ਨਿਗਮ ਦੇ ਕਰਮਚਾਰੀਆਂ ਨੂੰ ਸਾਲਾਨਾ ਜਨਰਲ ਪ੍ਰੋਵੀਡੈਂਟ ਫੰਡ ਦੀ ਸਟੇਟਮੈਂਟ ਛੇਤੀ ਤੋਂ ਛੇਤੀ ਦਿੱਤੀ ਜਾਵੇ। ਕਨਵੀਨਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜੁਆਇੰਟ ਕਮਿਸ਼ਨਰ ਰੋਹਿਤ ਗੁਪਤਾ ਨੇ ਕਮੇਟੀ ਦੇ ਵਫਦ ਨੂੰ ਉਨ੍ਹਾਂ ਦੀ ਇਸ ਮੰਗ ਨੂੰ ਛੇਤੀ ਪੂਰਾ ਕਰਨ ਦਾ ਭਰੋਸਾ ਦਿੱਤਾ। ਜੁਆਇੰਟ ਐਕਸ਼ਨ ਕਮੇਟੀ ਦੇ ਵਫ਼ਦ ਵਿੱਚ ਸੁਰਮੁੱਖ ਸਿੰਘ, ਰਾਜਾ ਰਾਮ, ਰਾਜਿੰਦਰ ਸਿੰਘ ਅਤੇ ਲਾਲਜੀਤ ਸ਼ਾਮਿਲ ਸਨ।