ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 10 ਸਤੰਬਰ
ਨਿਗਮ ਦੇ ਦੋ ਦਰਜਨ ਕੌਂਸਲਰਾਂ ਦਾ ਵਫ਼ਦ ਅੱਜ ਦੇਰ ਰਾਤ ਸਟੱਡੀ ਟੂਰ ’ਤੇ ਇੰਦੌਰ ਪੁੱਜ ਗਿਆ। ਵਫ਼ਦ ਵਿੱਚ 21 ਕੌਂਸਲਰ ਅਤੇ 2 ਅਧਿਕਾਰੀ ਸ਼ਾਮਲ ਹਨ, ਪਰ ਜਾਣਕਾਰੀ ਮਿਲੀ ਹੈ ਕਿ ਦੌ ਕੌਂਸਲਰ ਆਪਣੀਆਂ ਪਤਨੀਆਂ ਤੇ ਦੋ ਮਹਿਲਾ ਕੌਂਸਲਰ ਆਪਣੇ ਪਤੀਆਂ ਨੂੰ ਨਾਲ ਲੈ ਗਈਆਂ ਹਨ, ਜਦੋਂ ਕਿ ਇਸ ਗੱਲ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋ ਚੁੱਕਿਆ ਹੈ। ਕੌਂਸਲਰਾਂ ਦਾ ਇਹ ਦੌਰਾ ਆਫੀਸ਼ਲ ਹੈ ਪਰ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ।
ਦੱਸਣਯੋਗ ਹੈ ਕਿ ਕੌਂਸਲਰਾਂ ਦਾ ਵਫ਼ਦ ਇੰਦੌਰ ਅਤੇ ਨਾਗਪੁਰ ਵਿੱਚ ਸਟੱਡੀ ਟੂਰ ’ਤੇ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ਨੇ ਮੁੰਬਈ ਅਤੇ ਗੋਆ ਜਾਣਾ ਸੀ ਪਰ ਟੂਰ ਕੈਂਸਲ ਹੋ ਗਿਆ ਹੈ। ਕੌਂਸਲਰਾਂ ਦਾ ਇਹ ਵਫ਼ਦ ਅੱਜ ਸ਼ਾਮ ਚੰਡੀਗੜ੍ਹ ਤੋਂ ਇੰਦੌਰ ਸ਼ਹਿਰ ਲਈ ਰਵਾਨਾ ਹੋਇਆ ਸੀ। ਰਾਤ ਲਗਪਗ ਪੌਣੇ ਨੌਂ ਵਜੇ ਦੇ ਕਰੀਬ ਵਫ਼ਦ ਇੰਦੌਰ ਪੁੱਜਿਆ ਹੈ।
ਮੇਅਰ ਸਰਬਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਕੌਂਸਲਰਾਂ ਦੀ ਟੀਮ ਇਸ ਸਟੱਡੀ ਟੂਰ ਦੌਰਾਨ ਇੰਦੌਰ ਅਤੇ ਨਾਗਪੁਰ ਸ਼ਹਿਰਾਂ ਵਿੱਚ ਠੋਸ ਕੂੜਾ ਪ੍ਰਬੰਧਨ ਅਤੇ ਸਵੱਛਤਾ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕਰੇਗੀ। ਕੌਂਸਲਰ 16 ਸਤੰਬਰ ਨੂੰ ਵਾਪਸ ਚੰਡੀਗੜ੍ਹ ਪਰਤਣਗੇ। ਮੇਅਰ ਨੇ ਦੱਸਿਆ ਕਿ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵਲੋਂ ਦਿੱਤੀ ਗਈ ਸਲਾਹ ਤੋਂ ਬਾਅਦ ਨਿਗਮ ਨੇ ਇਹ ਸਟੱਡੀ ਟੂਰ ਮੁੰਬਈ ਅਤੇ ਗੋਆ ਦੀ ਥਾਂ ਇੰਦੌਰ ਅਤੇ ਨਾਗਪੁਰ ਸ਼ਹਿਰਾਂ ਲਈ ਉਲੀਕਿਆ ਸੀ। ਉਨ੍ਹਾਂ ਦੱਸਿਆ ਕਿ ਕੌਂਸਲਰ 2 ਦਿਨ ਇੰਦੌਰ ਰਹਿਣਗੇ ਅਤੇ ਉਸ ਤੋਂ ਬਾਅਦ 2 ਦਿਨ ਲਈ ਨਾਗਪੁਰ ਜਾਣਗੇ। ਮੇਅਰ ਨੇ ਕਿਹਾ ਕਿ ਇਨ੍ਹਾਂ ਸ਼ਹਿਰਾਂ ਦੇ ਪ੍ਰਾਜੈਕਟਾਂ ਦੀ ਬਾਕਾਇਦਾ ਰਿਪੋਰਟ ਬਣਾਈ ਜਾਵੇਗੀ। ਇਸ ਅਨੁਸਾਰ ਸ਼ਹਿਰ ਵਿੱਚ ਲੋੜੀਂਦੇ ਪ੍ਰਾਜੈਕਟਾਂ ਨੂੰ ਲਾਗੂ ਕੀਤਾ ਜਾਵੇਗਾ।
ਮੇਅਰ ਨੇ ਕਿਹਾ ਕਿ ਇਸ ਸਟੱਡੀ ਟੂਰ ਨਾਲ ਕੌਂਸਲਰਾਂ ਵਿੱਚ ਤਾਲਮੇਲ ਵਧੇਗਾ। ਉਨ੍ਹਾਂ ਕਿਹਾ ਕਿ ਅਜਿਹਾ ਟੂਰ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਜੋੜ ਕੇ ਰੱਖੇਗਾ। ਇਹ ਸ਼ਹਿਰ ਦੇ ਵਿਕਾਸ ਲਈ ਇੱਕ ਚੰਗੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਨਿਗਮ ਵਿਚ ਕਿਸੇ ਵੀ ਤਰ੍ਹਾਂ ਦੀ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ। ਸ਼ਹਿਰ ਦੇ ਵਿਕਾਸ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਨਿਗਮ ਵਲੋਂ ਪਹਿਲਾਂ ਸਿਰਫ ਮੁੰਬਈ ਲਈ ਹੀ ਸਟੱਡੀ ਟੂਰ ਲਿਜਾਣ ਦਾ ਫੈਸਲਾ ਕੀਤਾ ਗਿਆ ਸੀ, ਪਰ ਇਸ ਤੋਂ ਬਾਅਦ ਟੂਰ ਨਾਲ ਚੁੱਪਚਾਪ ਗੋਆ ਦਾ ਦੌਰਾ ਵੀ ਜੋੜ ਦਿੱਤਾ ਗਿਆ। ਵਿਰੋਧੀ ਪਾਰਟੀਆਂ ਨੇ ਇਸ ਸਟੱਡੀ ਟੂਰ ਨੂੰ ਸਿਰਫ ਮੌਜ ਮਸਤੀ ਅਤੇ ਘੁੰਮਣ ਫਿਰਨ ਵਾਲਾ ਟੂਰ ਦਸ ਕੇ ਆਪਣਾ ਵਿਰੋਧ ਜ਼ਾਹਿਰ ਕੀਤਾ ਸੀ। ਸਟੱਡੀ ਟੂਰ ਦਾ ਇਹ ਵਿਰੋਧ ਜਦੋਂ ਪ੍ਰਸ਼ਾਸਕ ਕੋਲ ਪੁੱਜਾ ਤਾਂ ਪ੍ਰਸ਼ਾਸਕ ਨੇ ਇਹ ਸਟੱਡੀ ਟੂਰ ਮੁੰਬਈ ਤੇ ਗੋਆ ਦੀ ਥਾਂ ਇੰਦੌਰ ਤੇ ਨਾਗਪੁਰ ਦਾ ਕਰਨ ਦੀ ਸਲਾਹ ਦਿੱਤੀ। ਪ੍ਰਸ਼ਾਸਕ ਦੀ ਦਲੀਲ ਸੀ ਕਿ ਇੰਦੌਰ ਹਰ ਸਾਲ ਸਵੱਛਤਾ ਦੀ ਰੈਂਕਿੰਗ ਵਿੱਚ ਮੋਹਰੀ ਬਣਿਆ ਹੋਇਆ ਹੈ। ਉਥੇ ਸਵੱਛਤਾ ਨੂੰ ਲੈਕੇ ਕੀਤੇ ਗਏ ਪ੍ਰਬੰਧਾਂ ਦੀ ਸਟੱਡੀ ਕਰਕੇ ਉਸ ਨੂੰ ਸ਼ਹਿਰ ਵਿੱਚ ਲਾਗੂ ਕੀਤਾ ਜਾਵੇ, ਤਾਂ ਜੋ ਸਵੱਛਤਾ ਰੈਂਕਿੰਗ ਵਿੱਚ ਪਛੜਨ ਵਾਲੇ ਚੰਡੀਗੜ੍ਹ ਵਿੱਚ ਵੀ ਕੁਝ ਸੁਧਾਰ ਹੋ ਸਕੇ। ਪ੍ਰਸ਼ਾਸਕ ਦੀ ਇਸ ਸਲਾਹ ਤੋਂ ਬਾਅਦ ਭਾਜਪਾ ਕੌਂਸਲਰਾਂ ਦੇ ਮੁੰਬਈ ਅਤੇ ਗੋਆ ਦੇ ਬੀਚਾਂ ਦੇ ਨਜ਼ਾਰੇ ਲੈਣ ਦੇ ਸੁਫਨਿਆਂ ਨੂੰ ਤਾਂ ਬੂਰ ਨਹੀਂ ਪਿਆ ਪਰ ਇਸ ਸਟੱਡੀ ਟੂਰ ਲਈ ਵਿਰੋਧੀ ਧਿਰਾਂ ਕਾਂਗਰਸ, ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੂੰ ਵੀ ਨਾਲ ਲਿਜਾਣ ਲਈ ਉਹ ਰਾਜ਼ੀ ਹੋ ਗਏ। ਦੱਸਣਯੋਗ ਹੈ ਕਿ ਨਿਗਮ ਦਾ ਸਟੱਡੀ ਟੂਰ ਹਮੇਸ਼ਾ ਤੋਂ ਹੀ ਚਰਚਾ ਦਾ ਵਿਸ਼ਾ ਰਹੇ ਹਨ।