ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਹੰਗਾਮਾ

ਆਈਸੋਲੇਸ਼ਨ ਵਾਰਡ ਵਿੱਚ ਤਾਇਨਾਤ ਡਾਕਟਰ ’ਤੇ ਨਰਸ ਨਾਲ ਛੇੜਛਾੜ ਦਾ ਦੋਸ਼

ਪੀ. ਪੀ. ਵਰਮਾ
ਪੰਚਕੂਲਾ, 14 ਜੁਲਾਈ

ਪੰਚਕੂਲਾ ਦੇ ਸੈਕਟਰ-6 ਸਥਿਤ ਸਰਕਾਰੀ ਜਨਰਲ ਹਸਪਤਾਲ ਵਿੱਚ ਇੱਕ ਡਾਕਟਰ ਵੱਲੋਂ ਨਰਸ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੀਤੀ ਦੇਰ ਰਾਤ ਵਾਪਰੀ ਸੀ। ਇਸ ਬਾਰੇ ਅੱਜ ਜਾਣਕਾਰੀ ਮਿਲਦਿਆਂ ਹੀ ਹਸਪਤਾਲ ਦੀਆਂ ਨਰਸਾਂ ਗੁੱਸੇ ਵਿੱਚ ਆ ਗਈਆਂ ਅਤੇ ਉਨ੍ਹਾਂ ਨੇ ਕਰੋਨਾਵਾਇਰਸ ਵਾਰਡ ਦੇ ਆਈਸੋਲੇਸ਼ਨ ਵਿੰਗ ਵਿੱਚ ਤਾਇਨਾਤ ਡਾਕਟਰ ਦੀ ਕੁੱਟਮਾਰ ਕੀਤੀ। ਨਰਸਾਂ ਨੇ ਡਾਕਟਰ ਨੂੰ ਥੱਪੜ ਮਾਰੇ ਅਤੇ ਊਸ ਨਾਲ ਖਿੱਚਧੂਹ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਸੈਕਟਰ-6 ਪੰਚਕੂਲਾ ਵਿੱਚ ਸ਼ਨੀਵਾਰ ਦੇਰ ਰਾਤ ਨਰਸਿੰਗ ਵੈਲਫੇਅਰ ਐਸੋਸੀਏਸ਼ਨ ਵੱਲੋਂ ਡਾਕਟਰ ਖ਼ਿਲਾਫ਼ ਲਾਮਬੰਦੀ ਕੀਤੀ ਗਈ ਸੀ।

ਨਰਸਿੰਗ ਵੈਲਫੇਅਰ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਡਾਕਟਰ ਖ਼ਿਲਾਫ਼ ਹਰਿਆਣਾ ਦੇ ਸਿਹਤ ਵਿਭਾਗ ਨੇ ਕਾਰਵਾਈ ਨਾ ਕੀਤੀ ਤਾਂ ਉਹ ਤਿੱਖਾ ਸੰਘਰਸ਼ ਊਲੀਕਣ ਲਈ ਮਜਬੂਰ ਹੋ ਜਾਣਗੀਆਂ। ਨਰਸਾਂ ਨੇ ਪੀਐਮਓ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਡਾਕਟਰ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਊਨ੍ਹਾਂ ਨੇ ਦੋਸ਼ ਲਗਾਇਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਡਾਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਸਪਤਾਲ ਵਿੱਚ ਵਾਪਰੀ ਇਹ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਇਸ ਬਾਰੇ ਹਸਪਤਾਲ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਵਾਊਣਗੇ ਅਤੇ ਡਾਕਟਰ ਦੇ ਖ਼ਿਲਾਫ਼ ਗੁਨਾਹ ਸਾਬਤ ਹੋਣ ਮਗਰੋਂ ਹੀ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All