ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 15 ਸਤੰਬਰ
ਪੁਲੀਸ ਨੇ ਇੱਕ ਨਾਬਾਲਗ ਲੜਕੀ ਨੂੰ ਭਜਾਉਣ ਦੇ ਦੋਸ਼ ਹੇਠ ਉਸਦੇ ਚਾਚਾ ਦੀ ਸ਼ਿਕਾਇਤ ’ਤੇ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਚੌਨਰੀਪਾਏ ਸਿਰੋ ਵਾਸੀ ਆਈਕਾਨ ਅਪਾਰਟਮੈਂਟ ਜ਼ੀਰਕਪੁਰ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੀ ਦੇਖਭਾਲ ਲਈ ਆਪਣੀ ਚਚੇਰੀ ਭੈਣ ਨੂੰ ਆਪਣੇ ਘਰ ਲੈ ਕੇ ਆਇਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸਦੀ ਨਾਬਾਲਗ ਭਤੀਜੀ ਨੂੰ ਅਵਤਾਰ ਸਿੰਘ ਵਰਗਲਾ ਕੇ ਭਜਾ ਕੇ ਲੈ ਗਿਆ। ਉਸਨੇ ਦੱਸਿਆ ਕਿ ਸੁਸਾਇਟੀ ਦੇ ਸੀਸੀਟੀਵੀ ਵਿੱਚ ਅਵਤਾਰ ਸਿੰਘ ਉਸਦੀ ਭਤੀਜੀ ਨੂੰ ਕਾਰ ਵਿੱਚ ਬਿਠਾ ਕੇ ਲੈ ਜਾ ਰਿਹਾ ਦਿਖਾਈ ਦੇ ਰਿਹਾ ਹੈ। ਪੁਲੀਸ ਨੇ ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅਵਤਾਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।