ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਸਤੰਬਰ
ਪੰਜਾਬ ਯੂਨੀਵਰਸਿਟੀ ’ਚ ਵਾਈਸ ਚਾਂਸਲਰ ਦਾ ਘਿਰਾਓ ਕਰਨ ਸਬੰਧੀ ਚੰਡੀਗੜ੍ਹ ਪੁਲੀਸ ਨੇ ਇਕ ਦਰਜਨ ਦੇ ਕਰੀਬ ਵਿਦਿਆਰਥੀ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਵਿਦਿਆਰਥੀਆਂ ’ਚ ਰਾਹੁਲ, ਪਰਗਟ ਸਿੰਘ, ਸਰਵੋਤੱਮ ਰਾਣਾ, ਐੱਨਐੱਸਯੂਆਈ ਅਤੇ ਪੀਐੱਸਯੀ ਲਲਕਾਰ ਦੇ ਕਈ ਆਗੂ ਸ਼ਾਮਲ ਹਨ। ਇਹ ਕਾਰਵਾਈ ਥਾਣਾ ਸੈਕਟਰ 11 ਦੀ ਪੁਲੀਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚੀਫ਼ ਸੁਰੱਖਿਆ ਅਫ਼ਸਰ ਵਿਕਰਮ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਜਥੇਬੰਦੀਆਂ ਨੇ ਵਿਦਿਆਰਥੀ ਮੰਗਾਂ ਲਈ ਸੈਕਟਰ 14 ਸਥਿਤ ਲਾਅ ਆਡੀਟੋਰੀਅਮ ’ਚ ਵਾਈਸ ਚਾਂਸਲਰ ਦਾ ਘਿਰਾਓ ਕੀਤਾ ਸੀ ਜਿਸ ਸਬੰਧੀ ਯੂਨੀਵਰਸਿਟੀ ਦੇ ਚੀਫ਼ ਸੁਰੱਖਿਆ ਅਫ਼ਸਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਥਾਣਾ ਸੈਕਟਰ 11 ਦੀ ਪੁਲੀਸ ਨੇ ਉਕਤ ਸ਼ਿਕਾਇਤ ’ਤੇ ਇਕ ਦਰਜਨ ਦੇ ਕਰੀਬ ਵਿਦਿਆਰਥੀ ਆਗੂਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।