ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 2 ਅਪਰੈਲ
ਪੁਲੀਸ ਨੇ ਇਕ ਪਿੰਡ ਸਿੰਘਪੁਰਾ ਦੀ ਬਹੁਕਰੋੜੀ ਜ਼ਮੀਨ ਦੇ ਜਾਅਲੀ ਦਸਤਾਵੇਜ਼ ਦੇ ਆਧਾਰ ’ਤੇ ਸੀਐੱਲਯੂ ਕਰਵਾਉਣ ਦੇ ਦੋਸ਼ ਹੇਠ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜੇਸ਼ ਬਾਂਸਲ ਵਾਸੀ ਸੈਕਟਰ 18ਏ ਚੰਡੀਗੜ੍ਹ, ਅਨਿਲ ਕੁਮਾਰ ਵਾਸੀ ਐੱਨਏਸੀ, ਸ਼ਿਵਾਲਿਕ ਐਨਕਲੇਵ ਮਨੀਮਾਜਰਾ ਚੰਡੀਗੜ੍ਹ, ਸੁਨੀਲ ਬਾਂਸਲ ਵਾਸੀ ਸੈਕਟਰ 15ਸੀ ਚੰਡੀਗੜ੍ਹ, ਅਰਜੁਨ ਦਾਸ ਬਾਂਸਲ ਵਾਸੀ ਸੈਕਟਰ 7 ਪੰਚਕੂਲਾ ਵਜੋਂ ਹੋਈ ਹੈ। ਆਲਮਜੀਤ ਸਿੰਘ ਮਾਨ ਵਾਸੀ ਮੁਹਾਲੀ ਨੇ ਦੱਸਿਆ ਕਿ ਉਸ ਨੇ ਸਿੰਘਪੁਰਾ ਜੁਆਇੰਟ ਫਾਰਮਿੰਗ ਸੁਸਾਇਟੀ ਪਿੰਡ ਸਿੰਘਪੁਰਾ ਵਿੱਚ ਸਾਲ 1998 ’ਚ ਇਕ-ਇਕ ਏਕੜ ਦੇ ਦੋ ਪਲਾਟ ਨੰਬਰ 14 ਅਤੇ 15 ਖਰੀਦੇ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸੁਸਾਇਟੀ ਦੇ ਅਹੁਦੇਦਾਰਾਂ ਨੇ ਉਸਦੇ ਇਕ ਪਲਾਟ ਦਾ ਅੱਧਾ ਹਿੱਸਾ ਗੈਰ ਕਾਨੂੰਨੀ ਢੰਗ ਨਾਲ ਕਿਸੇ ਹੋਰ ਨੇ ਨਾਂ ਕਰਵਾ ਦਿੱਤਾ। ਸ਼ਿਕਾਇਤਕਰਤਾ ਨੂੰ ਸਾਲ 2008 ਵਿੱਚ ਇਸ ਬਾਰੇ ਪਤਾ ਲੱਗਿਆ। ਸ਼ਿਕਾਇਤਕਰਤਾ ਨੇ ਡੇਰਾਬੱਸੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਿਸ ਮਾਮਲੇ ਵਿੱਚ ਅਦਾਲਤ ਵੱਲੋਂ ਸਟੇਅ ਜਾਰੀ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਉਕਤ ਸੁਸਾਇਟੀ ਵੱਲੋਂ ਇਸ ਜ਼ਮੀਨ ਉਕਤ ਚਾਰੋਂ ਨੂੰ ਵੇਚ ਦਿੱਤੀ ਗਈ। ਉਨ੍ਹਾਂ ਵੱਲੋਂ ਇਸ ਜ਼ਮੀਨ ਦੇ ਝੂਠੇ ਦਸਤਾਵੇਜ਼ਾਂ ਦੇ ਆਧਾਰ ’ਤੇ ਸੀਐੱਲਯੂ ਕਰਵਾ ਕੇ ਇੱਥੇ ਸ਼ੋਅਰੂਮ ਵੇਚੇ ਜਾ ਰਹੇ ਹਨ। ਪੁਲੀਸ ਨੇ ਚਾਰੋਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।