ਰਾਮ ਸ਼ਰਨ ਸੂਦ
ਅਮਲੋਹ, 29 ਸਤੰਬਰ
ਅਮਲੋਹ ਬਲਾਕ ਦੇ ਪਿੰਡ ਬਡਗੁੱਜਰਾ ਦੇ ਸਰਪੰਚ ਬਲਕਾਰ ਸਿੰਘ ਵੱਲੋਂ ਬੀਤੇ ਦਿਨ ਕੀਤੀ ਖੁਦਕੁਸ਼ੀ ਦੇ ਮਾਮਲੇ ਵਿੱਚ ਰੇਲਵੇ ਪੁਲੀਸ ਖੰਨਾ ਨੇ ਉਸ ਦੇ ਪੁੱਤਰ ਤਰਨਜੋਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੰਚਾਇਤ ਅਫ਼ਸਰ ਪ੍ਰਦੀਪ ਕੁਮਾਰ ਸਮੇਤ ਪੰਚ ਪਾਲ ਸਿੰਘ, ਜਸਮੇਲ ਸਿੰਘ ਚੌਕੀਦਾਰ, ਅੱਛਰ ਸਿੰਘ, ਪਰਵਿੰਦਰ ਸਿੰਘ, ਸਵਰਨ ਸਿੰਘ, ਅੰਮ੍ਰਿਤ ਸਿੰਘ, ਅਮਰ ਸਿੰਘ, ਗੁਰਜਿੰਦਰ ਸਿੰਘ, ਕੇਸਰ ਸਿੰਘ ਅਤੇ ਮੇਵਾ ਸਿੰਘ ਖ਼ਿਲਾਫ਼ ਧਾਰਾ 306, 34 ਆਈਪੀਸੀ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਹੋਰਨਾਂ ਮੰਗਾਂ ਮਨਵਾਉਣ ਲਈ ਪੰਚਾਇਤ ਯੂਨੀਅਨ ਦੇ ਸੱਦੇ ’ਤੇ ਅੱਜ ਜੀ.ਟੀ. ਰੋਡ ਮੁੱਖ ਚੌਕ ਮੰਡੀ ਗੋਬਿੰਦਗੜ੍ਹ ਵਿੱਚ ਹਲਕੇ ਦੇ ਸਰਪੰਚਾਂ ਅਤੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਧਰਨਾ ਦਿੱਤਾ। ਸ਼ਾਮ ਵੇਲੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਿਨੇਸ਼ ਵਸ਼ਿਸਟ ਨੇ ਉਪ ਕਪਤਾਨ ਪੁਲੀਸ ਗੁਰਬੰਸ ਸਿੰਘ ਬੈਂਸ, ਜੰਗਜੀਤ ਸਿੰਘ ਰੰਧਾਵਾ ਆਦਿ ਦੀ ਹਾਜ਼ਰੀ ਵਿਚ ਪੰਚਾਇਤ ਅਫ਼ਸਰ ਅਮਲੋਹ ਪ੍ਰਦੀਪ ਕੁਮਾਰ ਨੂੰ ਮੁਅੱਤਲ ਕਰਨ ਅਤੇ ਬਾਕੀ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਸ ਮਗਰੋਂ ਧਰਨਾ ਚੁੱਕ ਦਿੱਤਾ ਗਿਆ।
ਧਰਨੇ ਵਿਚ ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਰਵਿੰਦਰ ਰਿੰਕੂ ਗੁਰਨੇ, ਮਾਲਵਾ ਜ਼ੋਨ ਦੇ ਪ੍ਰਧਾਨ ਜਸਵੀਰ ਸਿੰਘ ਲੌਂਗੋਵਾਲੀਆ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਧਨੌਰੀ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਸਵੀਰ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ, ਬਲਾਕ ਅਮਲੋਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਗੁਰਧਨਪੁਰ ਨੇ ਸੰਬੋਧਨ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਨੇ ਸਰਪੰਚ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ, ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ, ਅਮਲੋਹ ਬਲਾਕ ਦੇ 3 ਮੁਅੱਤਲ ਸਰਪੰਚਾਂ ਨੂੰ ਬਹਾਲ ਕਰਨ ਅਤੇ ਪੰਜਾਬ ਵਿਚ ਪ੍ਰਾਈਵੇਟ ਆਡਿਟ ਟੀਮਾਂ ਭੇਜ ਕੇ ਸਰਪੰਚਾਂ ਨੂੰ ਪ੍ਰੇਸ਼ਾਨ ਨਾ ਕਰਨ ਅਤੇ ਪੰਚਾਇਤੀ ਵਿਭਾਗ ਦੇ ਅਫ਼ਸਰਾਂ ਰਾਹੀ ਹੀ ਜਾਂਚ ਕਰਵਾਉਣ ਦੀ ਮੰਗ ਕੀਤੀ। ਧਰਨੇ ਵਿੱਚ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਰਪੰਚ ਸਲਾਣਾ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ ਆਦਿ ਹਾਜ਼ਰ ਸਨ।
ਸਰਕਾਰ ਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ
ਧਰਨਾਕਾਰੀਆਂ ਨੇ ਸਰਕਾਰ ਅਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੰਦੇ ਹੋਏ ਸਿਆਸੀ ਪਾਰਟੀਆਂ ਨੂੰ ਇਸ ਮੁੱਦੇ ਦਹ ਲਾਹਾ ਨਾ ਲੈਣ ਦੀ ਅਪੀਲ ਕੀਤੀ। ਬਾਅਦ ਵਿਚ ਸਰਪੰਚ ਬਲਕਾਰ ਸਿੰਘ ਦੀ ਲਾਸ਼ ਦਾ ਪਿੰਡ ਬਡਗੁੱਜਰਾ ’ਚ ਅੰਤਿਮ ਸੰਸਕਾਰ ਕੀਤਾ ਗਿਆ।