ਬਹਾਦਰਜੀਤ ਸਿੰਘ
ਰੂਪਨਗਰ, 23 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਰੂਪਨਗਰ ਨੇੜਲੇ ਘਾੜ ਇਲਾਕੇ ਵਿੱਚ ਪੁਰਖਾਲੀ ਤੋਂ ਬਿੰਦਰਖ ਦਰਮਿਆਨ ਪੈਂਦੀ ਨਦੀ ’ਤੇ ਪੁਲ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ। ਘਾੜ ਇਲਾਕੇ ਦੇ ਪਿੰਡ ਬੱਲਮਗੜ੍ਹ ਮੰਦਵਾੜਾ ਵਿਖੇ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਅਤੇ ਕਲੱਬਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਵੰਡ ਸਮਾਰੋਹ ਦੌਰਾਨ ਸ੍ਰੀ ਚੰਨੀ ਨੇ ਕਿਹਾ ਕਿ ਪੁਰਖਾਲੀ ਤੋਂ ਬਿੰਦਰਖ ਦਰਮਿਆਨ ਪੈਂਦੀ ਨਦੀ ’ਤੇ ਪੁਲ ਦੀ ਉਸਾਰੀ ਲਈ ਕਰੀਬ 8 ਕਰੋੜ ਰੁਪਏ ਦੀ ਰਕਮ ਪਾਸ ਕਰ ਦਿੱਤੀ ਹੈ ਤੇ ਕੁਝ ਮਹੀਨਿਆਂ ਵਿੱਚ ਪੁਲ ਦਾ ਕੰਮ ਮੁਕੰਮਲ ਕਰਵਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਵਲੋਂ ਪੁਲ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਬੱਲਮਗੜ੍ਹ ਮੰਦਵਾੜਾ ਦੇ ਪਿੰਡ ਜਬਰਹੇੜਾ ਨੂੰ ਵੀ ਸੜਕ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇਸ ਪਿੰਡ ਨੂੰ ਅਜੇ ਤੱਕ ਪੱਕੀ ਸੜਕ ਹੀ ਨਹੀਂ ਸੀ ਬਣੀ ਪਰ ਹੁਣ ਇਹ ਸੜਕ ਬਣਨ ਜਾ ਰਹੀ ਹੈ। ਇਸ ਸੜਕ ’ਤੇ 1.13 ਕਰੋੜ ਰੁਪਏ ਖਰਚ ਹੋਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐੱਸਐੱਸਪੀ ਵਿਵੇਕ ਸ਼ੀਲ ਸੋਨੀ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਦਵਿੰਦਰ ਸਿੰਘ ਬਾਜਵਾ ਹਾਜ਼ਰ ਸਨ।
ਸਮਾਗਮ ਦੌਰਾਨ ਕਾਂਗਰਸੀ ਆਗੂ ਨੂੰ ਦੌਰਾ ਪਿਆ
ਚਮਕੌਰ ਸਾਹਿਬ (ਸੰਜੀਵ ਬੱਬੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਥੇ ਸੰਧੂਆਂ ਚੌਕ ਵਿੱਚ ਸਮਾਗਮ ਦੌਰਾਨ ਪ੍ਰਸ਼ਾਸਨ ਨੂੰ ਉਦੋਂ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਕਾਂਗਰਸੀ ਆਗੂ ਨਰਦੀਪਕ ਲਵਲੀ ਨੂੰ ਅਚਾਨਕ ਦੌਰਾ ਪੈ ਗਿਆ। ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਤੁਰੰਤ ਕਾਂਗਰਸੀ ਵਰਕਰਾਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਐਂਬੂਲੈਂਸ ਰਾਹੀ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਸੀਨੀਅਰ ਮੈਡੀਕਲ ਅਫਸਰ ਡਾ. ਸੀਪੀ ਸਿੰਘ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤਾ। ਡਾ. ਸੀਪੀ ਸਿੰਘ ਨੇ ਦੱਸਿਆ ਕਿ ਮਰੀਜ਼ ਨੂੰ ਪਹਿਲਾਂ ਵੀ ਦੌਰਾ ਪੈਣ ਦੀ ਸ਼ਿਕਾਇਤ ਹੈ।