ਮੁਕੇਸ਼ ਕੁਮਾਰ
ਚੰਡੀਗੜ੍ਹ, 13 ਜੁਲਾਈ
ਚੰਡੀਗੜ੍ਹ ਦੀ ਹਰਿਆਲੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਹਰੇ-ਭਰੇ ਦਰੱਖਤ ਲੋਕਾਂ ਲਈ ਜਾਨ ਦਾ ਖ਼ੌਅ ਵੀ ਬਣੇ ਹੋਏ ਹਨ। ਸ਼ਹਿਰ ਵਿੱਚ ਅੱਜ ਵੀ ਇਕ ਦਰੱਖਤ ਡਿੱਗਣ ਦੇ ਟਾਹਣੇ ਟੁੱਟਣ ਕਾਰਨ ਇਸ ਹੇਠ ਦੱਬ ਕੇ ਇੱਕ ਰਿਕਸ਼ਾ ਚਾਲਕ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਬਾਅਦ ਦੁਪਹਿਰ ਕਰੀਬ 2 ਵਜੇ ਸੈਕਟਰ 22/23 ਦੇ ਲਾਈਟ ਪੁਆਇੰਟ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਇੱਕ ਰਿਕਸ਼ਾ ਚਾਲਕ ਅਤੇ ਚੰਡੀਗੜ੍ਹ ਨਗਰ ਨਿਗਮ ਦਾ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਰਿਕਸ਼ਾ ਚਾਲਕ ਨਿਰੰਜਨ ਨੇ ਦੱਸਿਆ ਕਿ ਉਹ ਇਸ ਸੜਕ ਤੋਂ ਲੰਘ ਰਿਹਾ ਸੀ ਕਿ ਅਚਾਨਕ ਸੈਕਟਰ 23 ’ਚ ਸੜਕ ਕੰਢੇ ਲੱਗੇ ਇੱਕ ਦਰੱਖਤ ਦਾ ਮੋਟਾ ਟਹਿਣਾ ਡਿੱਗ ਗਿਆ। ਉਹ ਰਿਕਸ਼ੇ ਸਮੇਤ ਟਾਹਣੇ ਹੇਠਾਂ ਆ ਗਿਆ ਅਤੇ ਵਾਲ-ਵਾਲ ਬੱਚ ਗਿਆ। ਇਸ ਦੌਰਾਨ ਉਸ ਦੇ ਹੱਥਾਂ ’ਤੇ ਸੱਟ ਲੱਗੀ ਪਰ ਕੱਪੜਾ ਬੰਨ੍ਹਿਆ ਹੋਣ ਕਰ ਕੇ ਸਿਰ ਦਾ ਬਚਾਅ ਹੋ ਗਿਆ।
ਦੂਜੇ ਪਾਸੇ ਇਸ ਸੜਕ ਤੋਂ ਸੈਕਟਰ 17 ਵੱਲ ਜਾ ਰਹੇ ਇੱਕ ਸਾਈਕਲ ਸਵਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਉਸ ਦਾ ਸਾਈਕਲ ਟਹਿਣੀਆਂ ਹੇਠ ਦੱਬ ਗਿਆ। ਚੰਡੀਗੜ੍ਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਦਰੱਖਤ ਦੀਆਂ ਟਾਹਣੀਆਂ ਨੂੰ ਇਕ ਪਾਸੇ ਕੀਤਾ। ਪਤਾ ਲੱਗਾ ਹੈ ਕਿ ਸਾਈਕਲ ਸਵਾਰ ਨਗਰ ਨਿਗਮ ਵਿੱਚ ਨੌਕਰੀ ਕਰਦਾ ਹੈ। ਇਸ ਦੌਰਾਨ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਉੱਧਰ, ਸੜਕ ’ਤੇ ਜਾਮ ਲਗ ਗਿਆ। ਕਾਫੀ ਦੇਰ ਤੱਕ ਬਾਗਬਾਨੀ ਵਿਭਾਗ ਦਾ ਕੋਈ ਕਰਮਚਾਰੀ ਮੌਕੇ ’ਤੇ ਨਜ਼ਰ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਸੈਕਟਰ 22/23 ’ਤੇ ਲੱਗਾ ਇਹ ਦਰੱਖਤ ਬਿਲਕੁਲ ਠੀਕ ਸੀ ਅਤੇ ਇਸ ਦੇ ਟਾਹਣਿਆਂ ਦੇ ਡਿੱਗਣ ਦੀ ਕੋਈ ਸੰਭਾਵਨਾ ਵੀ ਨਹੀਂ ਸੀ| ਅਜਿਹੇ ਵਿੱਚ ਸ਼ਹਿਰ ’ਚ ਕਿਹੜਾ ਦਰੱਖਤ ਕਦੋਂ ਕਿਸੇ ਲਈ ਆਫਤ ਬਣ ਜਾਂਦਾ ਹੈ, ਇਹ ਕਹਿਣਾ ਮੁਸ਼ਕਿਲ ਹੈ। ਹਾਲਾਂਕਿ, ਨਗਰ ਨਿਗਮ ਦਾ ਬਾਗਬਾਨੀ ਵਿਭਾਗ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਜੇ ਵੀ ਲੋਕਾਂ ਲਈ ਜਾਨ ਦਾ ਖੌਅ ਬਣੇ ਦਰੱਖਤਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗ।