ਹਰਜੀਤ ਸਿੰਘ
ਡੇਰਾਬੱਸੀ, 22 ਜੁਲਾਈ
ਇਥੋਂ ਦੇ ਨੇੜਲੇ ਪਿੰਡ ਰਾਮਪੁਰ ਸੈਣੀਆਂ ਵਸਨੀਕ ਇਕ 30 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਵਾਸੀ ਪਿੰਡ ਰਾਮਪੁਰ ਸੈਣੀਆਂ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਉਸ ਦੀ ਪਤਨੀ ਅਤੇ ਸੱਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਅੱਜ ਮ੍ਰਿਤਕ ਦੀ ਪਤਨੀ ਅਤੇ ਸੱਸ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਉਸ ਦੇ ਪਰਿਵਾਰਕ ਮੈਂਬਰ, ਪਿੰਡ ਦੇ ਵਸਨੀਕ ਅਤੇ ਵੱਡੀ ਗਿਣਤੀ ਰਿਸ਼ਤੇਦਾਰ ਪੁਲੀਸ ਸਟੇਸ਼ਨ ਵਿੱਚ ਇਕੱਤਰ ਹੋਏ ਸੀ ਜਿਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਪੁਲੀਸ ਤੋਂ ਕਾਤਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਮ੍ਰਿਤਕ ਦੇ ਪਿਤਾ ਸੰਤੋਸ਼ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਲੜਕੇ ਦਾ ਵਿਆਹ ਪ੍ਰੀਤੀ ਵਾਸੀ ਪਿੰਡ ਛੱਤ ਨਾਲ ਹੋਇਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵਿਆਹ ਤੋਂ ਦੋਵਾਂ ਦਾ ਇਕ ਬੱਚਾ ਹੈ। ਵਿਆਹ ਤੋਂ ਬਾਅਦ ਲਗਾਤਾਰ ਉਸਦੀ ਪਤਨੀ ਪ੍ਰੀਤੀ ਉਸਦੇ ਲੜਕੇ ਨਾਲ ਲੜ ਝਗੜ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਉਸਦਾ ਲੜਕਾ ਹਰੇਕ ਵਾਰ ਉਸ ਨੂੰ ਸਮਝਾ ਬੁਝਾ ਕੇ ਘਰ ਲਿਆਉਂਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ 19 ਤਰੀਕ ਨੂੰ ਉਸ ਦਾ ਲੜਕਾ ਪਤਨੀ ਨੂੰ ਲੈਣ ਲਈ ਪਿੰਡ ਛੱਤ ਚਲਾ ਗਿਆ। ਉਥੋਂ ਉਸ ਦੀ ਪਤਨੀ ਨੇ ਆਪਣੀ ਨਣਾਨ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੇ ਪਤੀ ਦੀ ਗੰਢਾ ਖੇੜੀ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਉਸ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸਦੀ ਨੂੰਹ ਅਤੇ ਉਸਦੇ ਲੜਕੇ ਦੀ ਸੱਸ ਨੇ ਉਸ ਦੇ ਮੁੰਡੇ ਦਾ ਕਤਲ ਕਰ ਦਿੱਤਾ ਹੈ।
ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਉਸ ਦੀ ਪਤਨੀ ਪ੍ਰੀਤੀ ਅਤੇ ਸੱਸ ਸ਼ਿੰਦਰ ਕੌਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਮ੍ਰਿਤਕ ਦੀ ਲਾਸ਼ ਨਹੀਂ ਮਿਲੀ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੱਚਾਈ ਸਾਹਮਣੇ ਆਏਗੀ।